ਰਾਹਗੀਰਾਂ ਕੋਲੋਂ ਲੁੱਟ-ਖੋਹ ਕਰਨ ਵਾਲੇ 2 ਲੋਕ ਹਥਿਆਰਾਂ ਸਮੇਤ ਗ੍ਰਿਫ਼ਤਾਰ
Sunday, Feb 09, 2025 - 11:37 AM (IST)
![ਰਾਹਗੀਰਾਂ ਕੋਲੋਂ ਲੁੱਟ-ਖੋਹ ਕਰਨ ਵਾਲੇ 2 ਲੋਕ ਹਥਿਆਰਾਂ ਸਮੇਤ ਗ੍ਰਿਫ਼ਤਾਰ](https://static.jagbani.com/multimedia/2025_2image_11_36_295884240arrested.jpg)
ਫਿਰੋਜ਼ਪੁਰ (ਖੁੱਲਰ) : ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਪੁਲਸ ਨੇ ਰਾਹਗੀਰਾਂ ਕੋਲੋਂ ਲੁੱਟ-ਖੋਹ ਕਰਨ ਵਾਲੇ 2 ਵਿਅਕਤੀਆਂ ਨੂੰ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਪਿਸਤੌਲ ਨਾਜਾਇਜ਼ 30 ਬੋਰ ਸਮੇਤ 1 ਰੌਂਦ ਜ਼ਿੰਦਾ ਅਤੇ 1 ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ਼ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਫਿਰੋਜ਼ਪੁਰ-ਮੋਗਾ ਰੋਡ ’ਤੇ ਟੀ-ਪੁਆਇੰਟ ਫਰੀਦਕੋਟ ਓਵਰਬ੍ਰਿਜ ਹੇਠਾਂ ਪੁੱਜੇ ਤਾਂ ਇਸ ਦੌਰਾਨ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀਅਨ ਡਿੰਪਲ ਉਰਫ਼ ਮਿੰਟੂ ਪੁੱਤਰ ਲਾਲ ਚੰਦ ਵਾਸੀ ਪਿੰਡ ਪੀਰਾਂ ਵਾਲਾ, ਹੈਰੀ ਹੀਰਾ ਪੁੱਤਰ ਮਹਿੰਦਰ ਵਾਸੀ ਇੰਦਰਾ ਕਾਲੋਨੀ ਖਾਈ ਫੇਮੇ ਕੀ ਮਿਲ ਕੇ ਫਿਰੋਜ਼ਪੁਰ ਏਰੀਏ ਵਿਚ ਆਉਂਦੇ ਜਾਂਦੇ ਰਾਹਗੀਰਾਂ ਪਾਸੋਂ ਖੋਹਾਂ ਕਰਦੇ ਹਨ।
ਇਨ੍ਹਾਂ ਪਾਸ ਨਾਜਾਇਜ਼ ਅਸਲਾ ਵੀ ਹੈ, ਇਸ ਸਮੇਂ ਇਹ ਦੋਵੇਂ ਜਣੇ ਪਹਿਲਾਂ ਤੋਂ ਖੋਹ ਕੀਤਾ ਹੋਇਆ ਇਕ ਮੋਟਰਸਾਈਕਲ ਬਜਾਜ ਪਲਸਰ ਵੇਚਣ ਲਈ ਫਰੀਦਕੋਟ-ਫਿਰੋਜ਼ਪੁਰ ਨੇੜੇ ਨਵਾਂ ਪੁਰਬਾ 'ਤੇ ਬਣੀ ਦਾਣਾ ਮੰਡੀ ਵਿਚ ਬਣੇ ਸ਼ੈੱਡ ਹੇਠਾਂ ਖੜ੍ਹੇ ਕਿਸੇ ਗਾਹਕ ਦੀ ਉਡੀਕ ਕਰ ਰਹੇ ਹਨ। ਜਾਂਚਕਰਤਾ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਜਗ੍ਹਾ ’ਤੇ ਛਾਪੇਮਾਰੀ ਕਰ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਪਿਸਤੌਲ ਨਾਜਾਇਜ਼ 30 ਬੋਰ ਸਮੇਤ 1 ਰੌਂਦ ਜ਼ਿੰਦਾ ਅਤੇ 1 ਮੋਟਰਸਾਈਕਲ ਬਜਾਜ ਪਲਸਰ ਬਰਾਮਦ ਕੀਤਾ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।