ਚਿੰਤਾਜਨਕ! ਪੰਜਾਬ 'ਚ ਪੁਲਸ ਸੁਰੱਖਿਆ ਮਿਲਣ ਦੇ ਬਾਵਜੂਦ ਹੋ ਰਹੇ ਕਤਲ, ਇਕੋ ਹਫ਼ਤੇ ਹੋਈਆਂ 2 ਵਾਰਦਾਤਾਂ

Thursday, Nov 10, 2022 - 10:57 PM (IST)

ਚਿੰਤਾਜਨਕ! ਪੰਜਾਬ 'ਚ ਪੁਲਸ ਸੁਰੱਖਿਆ ਮਿਲਣ ਦੇ ਬਾਵਜੂਦ ਹੋ ਰਹੇ ਕਤਲ, ਇਕੋ ਹਫ਼ਤੇ ਹੋਈਆਂ 2 ਵਾਰਦਾਤਾਂ

ਅੰਮ੍ਰਿਤਸਰ : ਕੋਟਕਪੂਰਾ 'ਚ ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀ ਡੇਰਾ ਪ੍ਰੇਮੀ ਪਰਦੀਪ ਦਾ ਵੀਰਵਾਰ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਦੀਪ ਸਵੇਰੇ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ ਕਿ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਗੋਲੀਆਂ ਮਾਰੀਆਂ। ਪਰਦੀਪ ਨੂੰ ਪੁਲਸ ਸੁਰੱਖਿਆ ਮਿਲੀ ਹੋਈ ਸੀ ਤੇ ਇਸ ਘਟਨਾ ਦੌਰਾਨ ਇਕ ਗੰਨਮੈਨ ਜ਼ਖਮੀ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਡੇਰਾ ਪ੍ਰੇਮੀ ਕਤਲਕਾਂਡ: ਕੋਟਕਪੂਰਾ ਪਹੁੰਚੇ ADGP ਅਰਪਿਤ ਸ਼ੁਕਲਾ, ਲੋਕਾਂ ਨੂੰ ਕੀਤੀ ਇਹ ਅਪੀਲ

ਇਹ ਪੰਜਾਬ ਵਿਚ ਪਹਿਲਾ ਮਾਮਲਾ ਨਹੀਂ ਹੈ ਜਦ ਪੁਲਸ ਸੁਰੱਖਿਆ ਦੀ ਮੌਜੂਦਗੀ ਵਿਚ ਕਿਸੇ ਦਾ ਕਤਲ ਕੀਤਾ ਗਿਆ ਹੋਵੇ। ਬੀਤੀ 4 ਨਵੰਬਰ ਨੂੰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਪ੍ਰਦਰਸ਼ਨ ਦੌਰਾਨ ਸੁਰੱਖਿਆ ਮੁਲਾਜ਼ਮਾਂ ਤੇ ਪੁਲਸ ਦੀ ਮੌਜੂਦਗੀ ਵਿਚ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਮੁਲਾਜ਼ਮਾਂ ਨੇ ਹਮਲਾ ਕਰਨ ਵਾਲੇ ਸੰਦੀਪ ਸਿੰਘ ਉਰਫ ਸੰਨੀ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ।

ਵਿਦੇਸ਼ੀ ਗੈਂਗਸਟਰਾਂ ਨੇ ਲਈ ਜ਼ਿੰਮੇਵਾਰੀ

ਇਸ ਦੇ ਨਾਲ ਹੀ ਦੋਵਾਂ ਮਾਮਲਿਆਂ ਵਿਚ ਇਕ ਹੋਰ ਚੀਜ਼ ਮੇਲ ਖਾਂਦੀ ਹੈ। ਦੋਵਾਂ ਵਾਰਦਾਤਾਂ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਗੈਂਗਸਟਰਾਂ ਨੇ ਲਈ ਹੈ। ਸੁਧੀਰ ਸੂਰੀ ਕਤਲਕਾਂਡ ਤੋਂ ਬਾਅਦ ਕੈਨੇਡਾ ਚ ਰਹਿ ਰਹੇ ਲਖਬੀਰ ਸਿੰਘ ਉਰਫ਼ ਲੰਡਾ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਹੁਣ ਪ੍ਰਦੀਪ ਕਤਲਕਾਂਡ ਦੀ ਜ਼ਿੰਮੇਵਾਰੀ ਕੈਨੇਡਾ ਦੇ ਹੀ ਰਹਿਣ ਵਾਲੇ ਗੋਲਡੀ ਬਰਾੜ ਨੇ ਲਈ ਹੈ। ਗੋਲਡੀ ਬਰਾੜ ਨੇ ਪੋਸਟ ਸਾਂਝੀ ਕਰ ਕਿਹਾ ਕਿ 7 ਸਾਲ ਬੀਤਣ ਦੇ ਬਾਵਜੂਦ ਬੇਅਦਬੀ ਦੀ ਘਟਨਾ ਦਾ ਇਨਸਾਫ਼ ਨਾ ਮਿਲਣ ਕਾਰਨ ਅੱਜ ਉਨ੍ਹਾਂ ਨੇ ਇਨਸਾਫ਼ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਵੀ ਗੋਲਡੀ ਬਰਾੜ ਦਾ ਨਾਂ ਸਾਹਮਣੇ ਆਇਆ ਸੀ।


author

Anmol Tagra

Content Editor

Related News