ਮਰਕਜ਼ ਤੋਂ ਪਰਤੇ 2 ਹੋਰ ਪਾਜ਼ੇਟਿਵ : ਜ਼ਿਲੇ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 5

Tuesday, Apr 07, 2020 - 11:48 PM (IST)

ਮਾਨਸਾ/ਬੁਢਲਾਡਾ, (ਸੰਦੀਪ ਮਿੱਤਲ, ਬਾਂਸਲ, ਮਨਜੀਤ)- ਮਾਨਸਾ ਜ਼ਿਲੇ ’ਚ ਅੱਜ ਦੋ ਹੋਰ ਜਮਾਤੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜਿੱਥੇ ਜ਼ਿਲੇ ’ਚ ਕੁੱਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 5 ਹੋ ਗਈ ਹੈ ਉੱਥੇ ਹੀ ਅਜਿਹੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਣ ਲੋਕਾਂ ਵਿਚ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਇਲਾਜ ਅਧੀਨ ਸਿਵਲ ਹਸਪਤਾਲ ਮਾਨਸਾ ਵਿਖੇ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਸਮਾਗਮ ਵਿਚੋਂ ਪਰਤੇ ਜ਼ਿਲੇ ਦੇ ਸ਼ਹਿਰ ਬੁਢਲਾਡਾ ਦੀ ਮਸਜਿਦ ਵਿਚ ਰਹਿ ਰਹੇ 10 ਜਮਾਤੀਆਂ ਵਿਚੋਂ ਤਿੰਨ ਦੇ ਨਮੂਨੇ ਪਹਿਲਾਂ ਹੀ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਮੁਡ਼ 2 ਹੋਰ ਔਰਤਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 5 ਹੋ ਗਈ ਹੈ। ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪਿਛਲੇ ਦਿਨੀਂ ਦਿੱਲੀ ਨਿਜ਼ਾਮੂਦੀਨ ਮਰਕਜ਼ ਤੋਂ ਪਰਤੇ 10 ਮੁਸਲਿਮ ਵਿਅਕਤੀਆਂ ਵਿਚੋਂ 3 ਵਿਅਕਤੀਆਂ ਨੂੰ ਕੋਰੋਨਾ ਪਾਜ਼ੇਟੀਵ ਪਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਹੀ ਬੁਢਲਾਡਾ ਮਸਜਿਦ ਵਿਖੇ ਇਕਾਂਤਵਾਸ ਵਿਚ ਰੱਖ ਦਿੱਤਾ ਗਿਆ ਸੀ ਅਤੇ ਨਮੂਨੇ ਜਾਂਚ ਲਈ ਭੇਜੇ ਗਏ ਸਨ, ਜਿਸ ਉਪਰੰਤ ਅੱਜ 2 ਹੋਰ ਔਰਤਾਂ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ, ਜਿਨ੍ਹਾਂ ਨੂੰ ਇਲਾਜ ਅਧੀਨ ਸਿਵਲ ਹਸਪਤਾਲ ਮਾਨਸਾ ਰੱਖਿਆ ਗਿਆ ਹੈ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਾਲੀ ਗੱਲ ਨਹੀਂ ਹੈ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਸੰਭਾਲ ਲਿਆ ਗਿਆ ਹੈ ਅਤੇ ਪਾਜ਼ੇਟੀਵ ਵਿਅਕਤੀਆਂ ਨੂੰ ਇਲਾਜ ਲਈ ਅਤੇ ਸ਼ੱਕੀ ਵਿਅਕਤੀਆਂ ਨੂੰ ਇਕਾਂਤਵਾਸ ਲਈ ਭੇਜ ਦਿੱਤਾ ਗਿਆ ਹੈ। ਉਧਰ ਮਿਲੀ ਜਾਣਕਾਰੀ ਅਨੁਸਾਰ ਬੁਢਲਾਡਾ ਵਿਚ 10 ਜਮਾਤੀਆ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਦੇ ਸੰਪਰਕ ਵਿਚ ਆਏ 24 ਵਿਅਕਤੀਆਂ ਦੇ ਨਮੂਨੇ ਲੈ ਕੇ ਉਨ੍ਹਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਸੀ, ਜਿਨ੍ਹਾਂ ਵਿਚੋਂ 17 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਪੋ-ਆਪਣੇ ਘਰਾਂ ਵਿਚ ਭੇਜ ਦਿੱਤਾ ਗਿਆ ਹੈ ਅਤੇ ਬਾਕੀਆਂ ਦੀ ਰਿਪੋਰਟ ਆਉਣੀ ਬਾਕੀ ਹੈ।


Bharat Thapa

Content Editor

Related News