ਕਰਜ਼ੇ ਨੇ ਲਈ 2 ਹੋਰ ਕਿਸਾਨਾਂ ਦੀ ਜਾਨ

Monday, Jun 19, 2017 - 06:32 AM (IST)

ਕਰਜ਼ੇ ਨੇ ਲਈ 2 ਹੋਰ ਕਿਸਾਨਾਂ ਦੀ ਜਾਨ

ਚਾਉਕੇ  (ਰਜਿੰਦਰ) - ਨੇੜਲੇ ਪਿੰਡ ਬੱਲ੍ਹੋ ਵਿਖੇ ਇਕ ਖੇਤ ਮਜ਼ਦੂਰ ਨੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਦਾ ਕਾਰਨ ਆਰਥਿਕ ਤੰਗੀ ਹੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 22 ਸਾਲਾ ਅੰਮ੍ਰਿਤਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਪੰਮਾ ਵਾਸੀ ਬੱਲ੍ਹੋ ਲੰਬੇ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ, ਜਿਸ ਕਾਰਨ ਉਹ ਕਰੀਬ ਤਿੰਨ ਲੱਖ ਰੁਪਏ ਦਾ ਕਰਜ਼ਾਈ ਹੋ ਚੁੱਕਾ ਸੀ। ਇਥੋਂ ਤੱਕ ਕਿ ਪਿੰਡ ਵਾਸੀਆਂ ਨੇ ਵੀ ਪੈਸੇ ਇਕੱਤਰ ਕਰ ਕੇ ਉਸ ਦਾ ਇਲਾਜ ਕਰਵਾਇਆ ਪਰ ਉਹ ਤੰਦਰੁਸਤ ਨਹੀਂ ਹੋ ਸਕਿਆ। ਅੰਤ 'ਚ ਅੱਜ ਉਸ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਉਹ ਅਜੇ ਕੁਆਰਾ ਹੀ ਸੀ ਤੇ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਦੋ ਭੈਣਾਂ ਤੇ ਇਕ ਭਰਾ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ।
ਨਥਾਣਾ, (ਬੱਜੋਆਣੀਆਂ)-ਇਸੇ ਤਰ੍ਹਾਂ ਸਿਰ ਚੜ੍ਹੇ ਭਾਰੀ ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਪਿੰਡ ਕਲਿਆਣ ਮੱਲਕਾ ਵਿਖੇ ਆਪਣੇ ਘਰ ਹੀ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਕਰਜ਼ੇ ਤੋਂ ਤੰਗ ਹੋ ਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਜਿਸ ਕਾਰਨ ਇਲਾਕੇ 'ਚ ਭਾਰੀ ਸੋਗ ਪਾਇਆ ਜਾ ਰਿਹਾ ਹੈ। ਮ੍ਰਿਤਕ ਕਿਸਾਨ ਸੁਖਦਰਸ਼ਨ ਸਿੰਘ (52) ਪੁੱਤਰ ਹਰਨੇਕ ਸਿੰਘ ਵਾਸੀ ਕਲਿਆਣ ਮੱਲਕਾ ਦੀ ਪਤਨੀ ਜਸਵਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਘਰਵਾਲਾ ਸਿਰ ਚੜ੍ਹੇ ਸਰਕਾਰੀ ਅਤੇ ਗੈਰ-ਸਰਕਾਰੀ ਕਰਜ਼ੇ ਤੋਂ ਕਾਫੀ ਪ੍ਰੇਸ਼ਾਨ ਸੀ। ਅੱਜ ਸਵੇਰੇ 3 ਵਜੇ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਧਾਰਾ 174 ਦੀ ਕਾਰਵਾਈ ਕਰ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।


Related News