ਭੋਗਪੁਰ: ਕਮਾਦ ਦੇ ਖੇਤਾਂ 'ਚੋਂ ਮਿਲੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, ਫੈਲੀ ਸਨਸਨੀ (ਤਸਵੀਰਾਂ)

11/26/2017 11:48:48 AM

ਜਲੰਧਰ/ਭੋਗਪੁਰ, 25 ਨਵੰਬਰ (ਪ੍ਰੀਤ, ਰਾਣਾ, ਅਰੋੜਾ)— 2 ਨੌਜਵਾਨਾਂ ਨੂੰ ਕਤਲ ਕਰਕੇ ਲਾਸ਼ਾਂ ਭੋਗਪੁਰ ਤੋਂ ਭੁਲੱਥ ਜਾਣ ਵਾਲੀ ਸੜਕ 'ਤੇ ਕਮਾਦ ਦੇ ਖੇਤਾਂ 'ਚ ਸੁੱਟ ਦਿੱਤੀਆਂ ਗਈਆਂ। ਮ੍ਰਿਤਕਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਕਾਤਲਾਂ ਦੀ ਬੇਰਹਿਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਹਿਲਾਂ ਦੋਵਾਂ ਨੂੰ ਟਾਰਚਰ ਕਰਕੇ ਗਲਾ ਘੁੱਟਿਆ ਗਿਆ ਅਤੇ ਫਿਰ ਸਿਰ ਤੇ ਚਿਹਰੇ 'ਤੇ ਗੋਲੀਆਂ ਦਾਗ ਦਿੱਤੀਆਂ ਗਈਆਂ। ਸ਼ਨੀਵਾਰ ਸ਼ਾਮ ਸਮੇਂ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਪਿੱਛੋਂ ਇਲਾਕੇ ਵਿਚ ਸਨਸਨੀ ਫੈਲ ਗਈ। ਜਲੰਧਰ ਦੀ ਦਿਹਾਤੀ ਪੁਲਸ ਮ੍ਰਿਤਕਾਂ ਦੀ ਪਛਾਣ ਲਈ ਦੇਰ ਰਾਤ ਤੱਕ ਯਤਨ ਕਰ ਰਹੀ ਸੀ।
ਜਾਣਕਾਰੀ ਮੁਤਾਬਕ ਸ਼ਾਮ ਲਗਭਗ 4.30 ਵਜੇ ਭੋਗਪੁਰ ਤੋਂ ਭੁਲੱਥ ਨੂੰ ਜਾਣ ਵਾਲੀ ਸੜਕ 'ਤੇ ਕਮਾਦ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੇ 2 ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਦੇਖੀਆਂ ਅਤੇ ਉਨ੍ਹਾਂ ਇਸ ਸਬੰਧੀ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਦੋਹਰੇ ਕਤਲ ਦੀ ਸੂਚਨਾ ਮਿਲਦਿਆਂ ਹੀ ਜਲੰਧਰ ਦਿਹਾਤੀ ਪੁਲਸ ਦੇ ਚੋਟੀ ਦੇ ਅਧਿਕਾਰੀ ਤੁਰੰਤ ਮੌਕੇ 'ਤੇ ਪੁੱਜੇ। ਮੌਕੇ ਦਾ ਦ੍ਰਿਸ਼ ਬੇਹੱਦ ਭਿਆਨਕ ਸੀ। PunjabKesari

ਜਾਣਕਾਰੀ ਮੁਤਾਬਕ ਦੋਵਾਂ ਨੌਜਵਾਨਾਂ ਦੀ ਉਮਰ 25-26 ਸਾਲ ਲੱਗਦੀ ਹੈ। ਲਾਸ਼ਾਂ ਅਰਧ ਨਗਨ ਹਾਲਤ ਵਿਚ ਸਨ। ਇਕ ਨੌਜਵਾਨ ਦੀ ਪੈਂਟ ਉਤਰੀ ਹੋਈ ਸੀ ਤੇ ਦੂਜੇ ਦੀ ਕਮੀਜ਼। ਦੋਵਾਂ ਨੌਜਵਾਨਾਂ ਦੇ ਸਰੀਰ 'ਤੇ ਜ਼ਖਮ ਵੀ ਦੇਖੇ ਗਏ। ਨਾਈਲਾਨ ਦੀ ਪਤਲੀ ਰੱਸੀ ਨਾਲ ਨੌਜਵਾਨਾਂ ਦੇ ਗਲੇ ਘੁੱਟੇ ਗਏ। ਇਕ ਨੌਜਵਾਨ ਦੀ ਠੋਡੀ 'ਚ ਤੇ ਦੂਜੇ ਦੀ ਕੰਨਪਟੀ 'ਤੇ ਗੋਲੀ ਮਾਰੀ ਗਈ। ਦੋਵਾਂ ਨੌਜਵਾਨਾਂ ਦੇ ਹੱਥ ਪਿਛਲੇ ਪਾਸੇ ਬੰਨ੍ਹੇ ਹੋਏ ਸਨ। ਪੈਰਾਂ ਨੂੰ ਬੂਟਾਂ ਦੇ ਤਸਮਿਆਂ ਨਾਲ ਬੰਨ੍ਹਿਆ ਹੋਇਆ ਸੀ।  ਮੌਕੇ ਤੋਂ ਦੋਵਾਂ ਨੌਜਵਾਨਾਂ ਦੇ ਬੂਟ ਜਾਂ ਚੱਪਲਾਂ ਆਦਿ ਨਹੀਂ ਮਿਲੀਆਂ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੋਵਾਂ ਨੂੰ ਕਿਸੇ ਹੋਰ ਥਾਂ ਟਾਰਚਰ ਅਤੇ ਕਤਲ ਕਰਨ ਪਿੱਛੋਂ ਲਾਸ਼ਾਂ ਇਥੇ ਖੇਤਾਂ ਵਿਚ ਸੁੱਟ ਦਿੱਤੀਆਂ ਗਈਆਂ। 
ਜਿਸ ਬੇਰਹਿਮੀ ਨਾਲ ਇਸ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਪਤਾ ਲੱਗਦਾ ਹੈ ਕਿ ਇਹ ਕਿਸੇ ਰੰਜਿਸ਼ ਦਾ ਸਿੱਟਾ ਹੈ। ਪੁਲਸ ਨੇ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ ਤੋਂ ਮਿਲਿਆ 32 ਬੋਰ ਦੀ ਇਕ ਗੋਲੀ ਦਾ ਖੋਲ : ਪੁਲਸ ਸੂਤਰਾਂ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਨੂੰ ਕਾਤਲਾਂ ਨੇ ਕਿਸੇ ਹੋਰ ਥਾਂ 'ਤੇ ਟਾਰਚਰ ਕੀਤਾ ਕਿਉਂਕਿ ਦੋਵਾਂ ਨੌਜਵਾਨਾਂ ਦੇ ਬੂਟ ਜਾਂ ਚੱਪਲਾਂ ਮੌਕੇ ਤੋਂ ਨਹੀਂ ਮਿਲੀਆਂ। ਪੁਲਸ ਦਾ ਅਨੁਮਾਨ ਹੈ ਕਿ ਸ਼ਾਇਦ ਦੋਵਾਂ ਨੌਜਵਾਨਾਂ ਨੂੰ ਜਦੋਂ ਖੇਤਾਂ ਵਿਚ ਸੁੱਟਿਆ ਗਿਆ ਹੋਵੇਗਾ, ਉਦੋਂ ਉਨ੍ਹਾਂ ਦਾ ਸਾਹ ਚੱਲਦਾ ਹੋਵੇਗਾ, ਜਿਸ ਕਾਰਨ ਉਨ੍ਹਾਂ ਨੂੰ ਉਥੇ ਗੋਲੀਆਂ ਮਾਰੀਆਂ ਗਈਆਂ। ਮੌਕੇ ਤੋਂ ਪੁਲਸ ਨੂੰ ਪੁਆਇੰਟ 32 ਬੋਰ ਦੀ ਗੋਲੀ ਦਾ ਖਾਲੀ ਖੋਲ ਮਿਲਿਆ ਹੈ। 
ਇਕ ਨੌਜਵਾਨ ਦੀ ਜੇਬ 'ਚੋਂ ਮਿਲੀ ਸਲਿਪ, ਦੂਜੇ ਦੀ ਬਾਂਹ 'ਤੇ ਲਿਖਿਆ ਹੈ 'ਕੇ. ਐੱਸ.'- ਜਲੰਧਰ ਦਿਹਾਤੀ ਪੁਲਸ ਦੇ ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਹਰਿੰਦਰ ਸਿੰਘ ਗਿੱਲ, ਸੀ. ਆਈ. ਏ. ਸਟਾਫ-2 ਦੇ ਇੰਸਪੈਕਟਰ ਸ਼ਿਵ ਕੁਮਾਰ ਤੇ ਪੁਲਸ ਟੀਮਾਂ ਮ੍ਰਿਤਕਾਂ ਦੀ ਸ਼ਨਾਖਤ ਕਰਨ ਲਈ ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਤੱਕ ਵੀ ਸਰਗਰਮ ਸਨ। ਮ੍ਰਿਤਕਾਂ ਦੇ ਕੱਪੜਿਆਂ ਦੀ ਜਾਂਚ ਦੌਰਾਨ ਇਕ ਨੌਜਵਾਨ ਦੀ ਜੇਬ 'ਚੋਂ ਅਖ਼ਬਾਰ ਦੇ ਇਕ ਟੁਕੜੇ 'ਤੇ ਇਕ ਨਾਂ ਲੱਖਾ ਅਤੇ ਫੋਨ ਨੰਬਰ ਲਿਖਿਆ ਮਿਲਿਆ। ਪੁਲਸ ਨੇ ਤੁਰੰਤ ਉਸ ਨੰਬਰ 'ਤੇ ਫੋਨ ਕੀਤਾ ਤਾਂ ਪਤਾ ਲੱਗਾ ਕਿ ਲੱਖਾ ਪਠਾਨਕੋਟ ਚੌਕ ਨੇੜੇ ਸਥਿਤ ਬੱਲੇ-ਬੱਲੇ ਫਾਰਮ ਵਿਚ ਠੇਕੇਦਾਰ ਹੈ। ਲੱਖਾ ਨੇ ਪੁਲਸ ਨੂੰ ਦੱਸਿਆ ਕਿ ਉਹ ਵੇਟਰਾਂ ਦਾ ਪ੍ਰਬੰਧ ਕਰਨ ਦੀ ਠੇਕੇਦਾਰੀ ਕਰਦਾ ਹੈ। ਪੁਲਸ ਨੇ ਲੱਖਾ ਨਾਲ ਗੱਲਬਾਤ ਕੀਤੀ ਅਤੇ ਨੌਜਵਾਨਾਂ ਦੀ ਫੋਟੋ ਵਟਸਐਪ ਰਾਹੀਂ ਉਸ ਨੂੰ ਭੇਜ ਕੇ ਸ਼ਨਾਖਤ ਦੀ ਕੋਸ਼ਿਸ਼ ਕੀਤੀ ਪਰ ਲੱਖਾ ਨੇ ਦੋਵਾਂ ਨੂੰ ਪਛਾਣਨ ਤੋਂ ਨਾਂਹ ਕਰ ਦਿੱਤੀ। ਲੱਖਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਦਾ ਫੋਨ ਨੰਬਰ ਕਿਵੇਂ ਮ੍ਰਿਤਕ ਨੌਜਵਾਨ ਦੀ ਜੇਬ ਵਿਚ ਆਇਆ। ਇਸ ਦੇ ਨਾਲ ਹੀ ਦੂਜੇ ਨੌਜਵਾਨ ਦੀ ਸੱਜੀ ਬਾਂਹ 'ਤੇ ਅੰਗਰੇਜ਼ੀ ਵਿਚ 'ਕੇ. ਐੱਸ.' ਲਿਖਿਆ ਹੋਇਆ ਹੈ। ਪੁਲਸ ਵੱਲੋਂ ਸ਼ਨਾਖਤ ਲਈ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਸੱਦਿਆ ਗਿਆ। 
ਆਸ-ਪਾਸ ਦੇ ਜ਼ਿਲਿਆਂ ਦੀ ਪੁਲਸ ਨੂੰ ਭੇਜੀਆਂ ਮ੍ਰਿਤਕਾਂ ਦੀਆਂ ਤਸਵੀਰਾਂ : ਪੁਲਸ ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀਆਂ ਤਸਵੀਰਾਂ ਹੁਸ਼ਿਆਰਪੁਰ, ਕਪੂਰਥਲਾ ਅਤੇ ਕਮਿਸ਼ਨਰੇਟ ਜਲੰਧਰ ਤੇ ਆਲੇ-ਦੁਆਲੇ ਦੇ ਖੇਤਰਾਂ ਦੀ ਪੁਲਸ ਨੂੰ ਭੇਜੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਦੀ ਪਛਾਣ ਹੋ ਸਕੇ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਹੋਣ ਤੋਂ ਬਾਅਦ ਹੀ ਮਾਮਲੇ ਦੀ ਜਾਂਚ ਅੱਗੇ ਵੱਧ ਸਕੇਗੀ। 


Related News