ਪੈਟਰੋਲ ਪੰਪ ਨੂੰ ਲੁੱਟਣ ਦੀ ਤਿਆਰੀ ਕਰ ਰਿਹਾ ਗਿਰੋਹ ਗ੍ਰਿਫ਼ਤਾਰ, ਭਾਰੀ ਨਾਜਾਇਜ਼ ਅਸਲਾ ਬਰਾਮਦ

Saturday, Jul 16, 2022 - 11:33 AM (IST)

ਕਪੂਰਥਲਾ/ਸੁਲਤਾਨਪੁਰ ਲੋਧੀ (ਭੂਸ਼ਣ, ਮਹਾਜਨ, ਸੋਢੀ, ਧੀਰ)-ਜ਼ਿਲ੍ਹਾ ਪੁਲਸ ਨੇ ਗੈਂਗਸਟਰਾਂ ਖ਼ਿਲਾਫ਼ ਇਕ ਵੱਡੀ ਕਾਰਵਾਈ ਕਰਦੇ ਹੋਏ 4 ਨਾਜਾਇਜ਼ ਪਿਸਤੌਲਾਂ ਅਤੇ ਕਾਰਤੂਸਾਂ ਦੀ ਬਰਾਮਦਗੀ ਕਰਦੇ ਹੋਏ 5 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਨੇ ਇਕ ਪੈਟਰੋਲ ਪੰਪ ਨੂੰ ਲੁੱਟਣ ਦੀ ਸਾਜ਼ਿਸ਼ ਤਿਆਰ ਕੀਤੀ ਸੀ। ਗ੍ਰਿਫ਼ਤਾਰ ਮੁਲਜ਼ਮਾਂ ਦੇ 2 ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਗੈਂਗਸਟਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡਾ. ਮਨਪ੍ਰੀਤ ਸ਼ੀਹਮਾਰ ਡੀ. ਐੱਸ. ਪੀ. ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਨਿਗਰਾਨੀ ’ਚ ਐੱਸ. ਐੱਚ. ਓ. ਤਲਵੰਡੀ ਚੌਧਰੀਆਂ ਯਾਦਵਿੰਦਰ ਸਿੰਘ ਨੇ ਪੁਲਸ ਟੀਮ ਦੇ ਨਾਲ ਟੀ ਪੁਆਇੰਟ ਬਿਧੀਪੁਰ ’ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਸਕੂਟਰੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਸਕੂਟਰੀ ਸਵਾਰਾਂ ਨੇ ਤੇਜ਼ੀ ਨਾਲ ਸਕੂਟਰੀ ਨੂੰ ਭਜਾਉਂਦੇ ਹੋਏ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਉਨ੍ਹਾਂ ਦੀ ਸਕੂਟਰੀ ਦੀ ਟੱਕਰ ਬਿਜਲੀ ਦੇ ਖੰਭੇ ਨਾਲ ਹੋ ਗਈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ ਫਟਿਆ 'ਕੋਰੋਨਾ' ਬੰਬ, 50 ਤੋਂ ਵਧੇਰੇ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਜਦੋਂ ਪੁਲਸ ਟੀਮ ਮੌਕੇ ’ਤੇ ਪੁੱਜੀ ਤਾਂ ਪੁਲਸ ਟੀਮ ਨੇ ਦੇਖਿਆ ਕਿ ਸਕੂਟਰੀ ਚਾਲਕ ਗੁਰਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਬਲਵੀਰ ਸਿੰਘ ਵਾਸੀ ਟਿੱਬਾ ਦੇ ਸਿਰ ’ਚ ਸੱਟ ਲੱਗੀ ਸੀ ਅਤੇ ਪਿੱਛੇ ਬੈਠਾ ਨੌਜਵਾਨ ਸੁਰਿੰਦਰ ਸਿੰਘ ਉਰਫ਼ ਘੁੱਗੀ ਪੁੱਤਰ ਧਰਮ ਸਿੰਘ ਵਾਸੀ ਪਿੰਡ ਖਿਜਰਪੁਰ ਦੇ ਮਾਮੂਲੀ ਸੱਟ ਲੱਗੀ ਸੀ। ਇਸ ਦੌਰਾਨ ਜਦੋਂ ਪੁਲਸ ਟੀਮ ਨੇ ਇਨ੍ਹਾਂ ਨੂੰ ਚੁੱਕਿਆ ਤਾਂ ਸੁਰਿੰਦਰ ਸਿੰਘ ਉਰਫ਼ ਘੁੱਗੀ ਦੀ ਡੱਬ ’ਚੋਂ ਇਕ ਨਾਜਾਇਜ਼ ਪਿਸਟਲ ਬਰਾਮਦ ਹੋਇਆ। ਇਸ ’ਤੇ ਥਾਣਾ ਤਲਵੰਡੀ ਚੌਧਰੀਆਂ ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜ਼ਖ਼ਮੀ ਗੁਰਵਿੰਦਰ ਸਿੰਘ ਉਰਫ਼ ਗੋਲਡੀ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤੇ। ਜਦੋਂ ਗ੍ਰਿਫਤਾਰ ਮੁਲਜ਼ਮ ਸੁਰਿੰਦਰ ਸਿੰਘ ਉਰਫ਼ ਘੁੱਗੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਖ਼ੁਲਾਸਾ ਕੀਤਾ ਕਿ ਉਹ ਆਪਣੇ 3 ਹੋਰ ਸਾਥੀਆਂ ਪ੍ਰਿੰਸਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਅਮਰਕੋਟ ਥਾਣਾ ਤਲਵੰਡੀ ਚੌਧਰੀਆਂ, ਗੁਰਅਮਰਜੀਤ ਸਿੰਘ ਉਰਫ਼ ਸੋਨੂੰ ਪੁੱਤਰ ਨਿਰਮਲ ਸਿੰਘ ਵਾਸੀ ਮੁੰਡੀ ਸ਼ਹਿਰੀਆਂ, ਥਾਣਾ ਲੋਹੀਆਂ ਤੇ ਗੁਰਸੇਵਕ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਨਵਾਂ ਠੱਟਾ ਥਾਣਾ ਤਲਵੰਡੀ ਚੌਧਰੀਆਂ ਨਾਲ ਮਿਲ ਕੇ ਬੂਲਪੁਰ ਦਾ ਪੈਟਰੋਲ ਪੰਪ ਲੁੱਟਣ ਦੀ ਸਾਜਿਸ਼ ਤਿਆਰ ਕਰ ਰਹੇ ਸਨ।

ਮੁਲਜ਼ਮ ਦੇ ਖੁਲਾਸੇ ਤੋਂ ਬਾਅਦ ਪੁਲਸ ਟੀਮ ਨੇ ਪਿੰਡ ਟਿੱਬਾ ਦੇ ਨੇਡ਼ੇ ਜ਼ਮੀਨ ’ਚ ਦੱਬਿਆ ਗਿਆ ਨਾਜਾਇਜ਼ ਹਥਿਆਰਾਂ ਦਾ ਹੋਰ ਵੀ ਜ਼ਖ਼ੀਰਾ ਬਰਾਮਦ ਕੀਤਾ। ਜਿਨ੍ਹਾਂ ’ਚ ਇਕ ਪਿਸਤੌਲ 7.65 ਐੱਮ. ਐੱਮ., 2 ਨਾਜਾਇਜ਼ ਪਿਸਤੌਲ .315 ਬੋਰ, 7.65 ਐੱਮ. ਐੱਮ. ਦੇ 2 ਰੌਂਦ, 315 ਬੋਰ ਦੇ 18 ਕਾਰਤੂਸ ਤੇ 12 ਬੋਰ ਦੇ 3 ਕਾਰਤੂਸ ਬਰਾਮਦ ਕਰਕੇ ਇਕ ਹੋਰ ਮੁਲਜ਼ਮ ਗੁਰਸੇਵਕ ਸਿੰਘ ਪੁੱਤਰ ਇਕਬਾਲ ਸਿੰਘ ਨੂੰ ਗ੍ਰਿਫਤਾਰ ਕਰ ਕੇ ਪੂਰੇ ਮਾਮਲੇ ’ਚ ਵਾਧਾ ਜੁਰਮ 399, 402 ਦੇ ਅਧੀਨ ਮਾਮਲਾ ਦਰਜ ਕਰ ਲਿਆ। ਜਿਸ ਦੌਰਾਨ 2 ਹੋਰ ਮੁਲਜ਼ਮ ਪ੍ਰਿੰਸਪਾਲ ਸਿੰਘ ਤੇ ਗੁਰਅਮਰਜੀਤ ਸਿੰਘ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ। ਜਿਨ੍ਹਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ। ਐੱਸ. ਐੱਸ. ਪੀ. ਕਪੂਰਥਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਐੱਸ. ਐੱਸ. ਪੀ. ਦੇ ਨਾਲ ਐੱਸ. ਪੀ. (ਡੀ.) ਹਰਵਿੰਦਰ ਸਿੰਘ ਅਤੇ ਡੀ. ਐੱਸ. ਪੀ. (ਡੀ.) ਬਰਜਿੰਦਰ ਸਿੰਘ ਵੀ ਮੌਜੂਦ ਸਨ।

ਇਹ ਵੀ ਪੜ੍ਹੋ:ਸ਼ਰਾਬ ਦੇ ਨਸ਼ੇ 'ਚ ਪਤਨੀ ਦੇ ਢਿੱਡ 'ਚ ਮਾਰੀ ਲੱਤ, ਗੁੱਸੇ 'ਚ ਆ ਕੇ ਪਤਨੀ ਨੇ ਕਤਲ ਕੀਤਾ ਪਤੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News