ਹਥਿਆਰਾਂ ਦੇ ਲਾਈਸੈਂਸਾਂ ਸਬੰਧੀ ਪੰਜਾਬ ਪੁਲਸ ਸਖਤ, ਚੁੱਕਿਆ ਅਹਿਮ ਕਦਮ

07/14/2017 1:14:18 PM

ਚੰਡੀਗੜ੍ਹ : ਸੂਬੇ ਭਰ 'ਚ ਬੀਤੇ ਦਹਾਕੇ ਦੌਰਾਨ ਜਾਰੀ ਹੋਏ ਹਥਿਆਰਾਂ ਦੇ ਕਰੀਬ 2 ਲੱਖ ਲਾਈਸੈਂਸਾਂ ਸਬੰਧੀ ਪੰਜਾਬ ਪੁਲਸ ਨੇ ਸਖਤ ਕਦਮ ਚੁੱਕਦਿਆਂ ਇਨ੍ਹਾਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਹਾਲ ਹੀ 'ਚ ਦਹਿਸ਼ਤਗਰਦਾਂ ਦੇ 2 ਮੋਡਿਊਲਾਂ ਅਤੇ ਅਪਰਾਧੀਆਂ ਕੋਲੋਂ ਲਾਈਸੈਂਸੀ ਹਥਿਆਰ ਫੜ੍ਹੇ ਜਾਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਸੀਨੀਅਰ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦਹਾਕੇ ਦੌਰਾਨ ਕਥਿਤ ਸਿਆਸੀ ਲਿਹਾਜ਼ਦਾਰੀ ਕਾਰਨ ਲਾਈਸੈਂਸ ਜਾਰੀ ਕਰਨ ਸਬੰਧੀ ਨਿਯਮ ਤੇ ਸ਼ਰਤਾਂ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੀਤੀ ਅਪ੍ਰੈਲ ਐਲਾਨ ਕੀਤਾ ਸੀ ਕਿ ਪਿਛਲੀ ਸਰਕਾਰ ਵਲੋਂ ਜਾਰੀ ਹਥਿਆਰਾਂ ਦੇ ਲਾਈਸੈਂਸਾਂ ਦੀ ਜਾਂਚ ਕੀਤੀ ਜਾਵੇਗੀ।

 

ਇਕ ਅਫਸਰ ਮੁਤਾਬਕ ਲਾਈਸੈਂਸਾਂ ਦੀ ਗਿਣਤੀ ਸਾਲ 2007 ਦੇ 2 ਲੱਖ ਤੋਂ ਘੱਟ ਨਾਲੋਂ ਦੁੱਗਣੀ ਵਧ ਕੇ ਕਰੀਬ ਚਾਰ ਲੱਖ ਹੋ ਗਈ। ਬਹੁਤੇ ਨਵੇਂ ਲਾਈਸੈਂਸਾਂ ਲਈ ਸਿਫਾਰਿਸ਼ਾਂ ਅਕਾਲੀ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਨੇ ਕੀਤੀਆਂ, ਜਿਨ੍ਹਾਂ ਦੀ ਤਫਤੀਸ਼ ਕੀਤੀ ਜਾਵੇਗੀ। ਪੁਲਸ ਨੂੰ ਇਕ ਹੋਰ ਝਟਕਾ ਇਹ ਪਤਾ ਲੱਗਣ 'ਤੇ ਲੱਗਾ ਕਿ ਇਕ ਸਾਬਕਾ ਅਕਾਲੀ ਵਿਧਾਇਕ ਨੇ ਅਨੇਕਾਂ ਲੋਕਾਂ ਨੂੰ ਲਾਈਸੈਂਸ ਦੇਣ ਲਈ ਸਿਫਾਰਿਸ਼ਾਂ ਕੀਤੀਆਂ ਸਨ, ਜਿਨ੍ਹਾਂ 'ਚੋਂ ਕਈ ਸਾਫ ਤੌਰ 'ਤੇ ਸ਼ੱਕੀ ਪਿਛੋਕੜ ਵਾਲੇ ਸਨ। ਬੁਰਜ ਜਵਾਹਰ ਸਿੰਘ ਵਾਲਾ ਪਿੰਡ 'ਚ ਡੇਰਾ ਸਿਰਸਾ ਦੇ ਪੈਰੋਕਾਰ ਤੇ ਰਾਜਸਥਾਨ ਦੇ ਇਕ ਡੇਰੇਦਾਰ ਦੇ ਕਤਲ ਲਈ ਬੀਤੇ ਦਿਨ ਨਾਮਜ਼ਦ ਕੀਤੇ ਗਏ ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਅਮਨਾ ਸੇਠ ਕੋਲੋਂ ਵੀ ਲਾਈਸੈਂਸੀ ਹਥਿਆਰ ਸਨ, ਜਿਨ੍ਹਾਂ 'ਚੋਂ ਅਜੇ ਤੱਕ ਸਿਰਫ ਗੋਪੀ ਦੀ ਫੜ੍ਹਿਆ ਗਿਆ ਹੈ।


Related News