2 ਲੜਕੀਆਂ ਨਾਲ ਸਮੂਹਿਕ ਜਬਰ-ਜ਼ਨਾਹ
Thursday, Mar 01, 2018 - 07:00 AM (IST)

ਬਠਿੰਡਾ (ਬਲਵਿੰਦਰ) - ਤਲਵੰਡੀ-ਬਠਿੰਡਾ ਰੋਡ 'ਤੇ 2 ਲੜਕੀਆਂ ਨਾਲ ਸਮੂਹਿਕ ਜਬਰ-ਜ਼ਨਾਹ ਦੀ ਸੂਚਨਾ ਮਿਲੀ ਹੈ। ਉਨ੍ਹਾਂ ਨੂੰ ਅਗਵਾ ਕਰ ਕੇ ਇਕ ਮੋਟਰ ਵਾਲੇ ਕਮਰੇ 'ਚ ਲਿਜਾਇਆ ਗਿਆ। ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।
ਥਾਣਾ ਤਲਵੰਡੀ ਸਾਬੋ ਦੇ ਤਫਤੀਸ਼ੀ ਅਧਿਕਾਰੀ ਕ੍ਰਿਸ਼ਨ ਸਿੰਘ ਅਨੁਸਾਰ ਬਠਿੰਡਾ ਦੀਆਂ 22 ਤੇ 24 ਸਾਲ ਦੀਆਂ 2 ਲੜਕੀਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ ਸ਼ਾਮ 6.30 ਵਜੇ ਉਹ ਬਠਿੰਡਾ ਜਾਣ ਲਈ ਤਲਵੰਡੀ ਸਾਬੋ ਤੋਂ ਬੱਸ 'ਚ ਬੈਠੀਆਂ ਸਨ। ਪਿੰਡ ਜਿਉਣ ਸਿੰਘ ਵਾਲਾ ਨੇੜੇ ਬੱਸ ਖਰਾਬ ਹੋ ਗਈ। ਲੋਕ ਹੋਰ ਵਾਹਨਾਂ 'ਤੇ ਚੜ੍ਹ ਕੇ ਅੱਗੇ ਜਾ ਰਹੇ ਸਨ। ਉਹ ਨੇੜੇ ਹੀ ਬੱਸ ਅੱਡੇ 'ਤੇ ਖੜ੍ਹੀਆਂ ਸਨ ਤਾਂ ਕਿ ਅਗਲੀ ਬੱਸ 'ਤੇ ਚੜ੍ਹਿਆ ਜਾ ਸਕੇ। ਇਸੇ ਦੌਰਾਨ ਦਿੱਲੀ ਨੰਬਰ ਦੀ ਇਕ ਕਾਰ ਉਥੇ ਆਈ, ਜਿਸ 'ਚ 4 ਵਿਅਕਤੀ ਸਵਾਰ ਸਨ। ਉਨ੍ਹਾਂ ਨੂੰ ਜਬਰਨ ਕਾਰ 'ਚ ਬਿਠਾ ਲਿਆ ਤੇ ਅਗਵਾ ਕਰ ਕੇ ਆਪਣੇ ਨਾਲ ਲੈ ਗਏ। ਉਨ੍ਹਾਂ ਰੌਲਾ ਵੀ ਪਾਇਆ ਪਰ ਉਥੇ ਕੋਈ ਵੀ ਮੌਜੂਦ ਨਹੀਂ ਸੀ।
ਲੜਕੀਆਂ ਨੇ ਦੱਸਿਆ ਕਿ ਕਾਰ ਸਵਾਰਾਂ ਨੇ ਪਹਿਲਾਂ ਉਨ੍ਹਾਂ ਦੀ ਕੁੱਟਮਾਰ ਕੀਤੀ। ਫਿਰ ਉਹ ਉਨ੍ਹਾਂ ਨੂੰ ਇਕ ਖੇਤ 'ਚ ਬਣੇ ਮੋਟਰ ਵਾਲੇ ਕਮਰੇ ਵਿਚ ਲੈ ਗਏ। ਜਿਥੇ ਸਭਨਾਂ ਨੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ। ਅੱਜ ਸਵੇਰੇ ਉਨ੍ਹਾਂ ਨੂੰ ਬਠਿੰਡਾ ਸ਼ਹਿਰ 'ਚ ਛੱਡ ਦਿੱਤਾ ਗਿਆ। ਬਾਅਦ ਵਿਚ ਉਹ ਹਸਪਤਾਲ 'ਚ ਦਾਖਲ ਹੋ ਗਈਆਂ। ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ 4 ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 376, 323 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਮਾਮਲਾ ਕਾਫੀ ਗੁੰਝਲਦਾਰ ਨਜ਼ਰ ਆ ਰਿਹਾ ਹੈ।