ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਗੈਂਗਸਟਰ ਲੁਟੇਰੇ ਗ੍ਰਿਫ਼ਤਾਰ

Wednesday, Jul 03, 2019 - 01:15 AM (IST)

ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਗੈਂਗਸਟਰ ਲੁਟੇਰੇ ਗ੍ਰਿਫ਼ਤਾਰ

ਹੁਸ਼ਿਆਰਪੁਰ/ਟਾਂਡਾ ਉੜਮੁੜ,(ਅਸ਼ਵਨੀ,ਗੁਪਤਾ): ਜ਼ਿਲਾ ਪੁਲਸ ਵਲੋਂ ਸਮਾਜ ਵਿਰੋਧੀ ਅਨਸਰਾਂ ਤੇ ਲੁੱਟ-ਖੋਹ ਦੀਆਂ ਘਟਨਾਵਾਂ 'ਚ ਸ਼ਾਮਲ ਲੁਟੇਰਿਆਂ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਦੌਰਾਨ ਪੁਲਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਲੁੱਟ-ਖੋਹ ਦੀਆਂ ਘਟਨਾਵਾਂ 'ਚ ਸ਼ਾਮਲ 2 ਖਤਰਨਾਕ ਗੈਂਗਸਟਰ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਅੱਜ ਪੁਲਸ ਕੰਟਰੋਲ ਰੂਮ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਧਰਮਵੀਰ ਦੀ ਅਗਵਾਈ 'ਚ ਗਠਿਤ ਟੀਮ, ਜਿਸ ਵਿਚ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਡੀ. ਐੱਸ. ਪੀ. ਮੇਜਰ ਕ੍ਰਾਈਮ ਰਾਕੇਸ਼ ਕੁਮਾਰ, ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਭਰਤ ਮਸੀਹ, ਥਾਣਾ ਟਾਂਡਾ ਦੇ ਇੰਚਾਰਜ ਇੰਸਪੈਕਟਰ ਹਰਗੁਰਦੇਵ ਸਿੰਘ ਆਦਿ ਸ਼ਾਮਲ ਸਨ, ਨੇ ਟਾਂਡਾ ਦੇ ਜਾਜਾ ਚੌਕ ਵਿਖੇ ਇਕ ਸਫ਼ਾਰੀ ਗੱਡੀ ਨੂੰ ਰੋਕਣ ਦਾ ਯਤਨ ਕੀਤਾ ਤਾਂ ਚਾਲਕ ਨੇ ਉਸ ਨੂੰ ਭਜਾ ਲਿਆ। ਪੁਲਸ ਨੇ ਇਸ ਕੋਸ਼ਿਸ਼ ਨੂੰ ਅਸਫ਼ਲ ਬਣਾ ਦਿੱਤਾ ਤੇ ਕਾਰ ਨੂੰ ਘੇਰ ਲਿਆ। ਇਸ ਦੌਰਾਨ ਗੱਡੀ 'ਚ ਸਵਾਰ ਦੋ ਨੌਜਵਾਨਾਂ ਨੇ ਰੇਲਵੇ ਓਵਰ ਬ੍ਰਿਜ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ।
ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਵੇਂ ਕਾਬੂ ਕੀਤੇ ਗਏ ਗੈਂਗਸਟਰ ਲੁਟੇਰਿਆਂ ਵਿਚ ਮਨਜੀਤ ਸਿੰਘ ਉਰਫ ਜੱਪੀ ਪੁੱਤਰ ਚਰਨ ਸਿੰਘ ਵਾਸੀ ਹੰਦੋਵਾਲ ਕਲਾਂ ਥਾਣਾ ਚੱਬੇਵਾਲ ਅਤੇ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਲਦੇਵ ਸਿੰਘ ਵਾਸੀ ਭੀਲੋਵਾਲ ਰੋਡ ਚੱਬੇਵਾਲ ਸ਼ਾਮਲ ਹਨ।

ਇਹ ਹੋਈ ਬਰਾਮਦਗੀ
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਕਬਜ਼ੇ 'ਚ ਲਈ ਗਈ ਗੱਡੀ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ 4 ਦੇਸੀ ਪਿਸਤੌਲ (ਕੱਟੇ), .9 ਐੱਮ. ਐੱਮ. ਦੇ 48 ਜ਼ਿੰਦਾ ਕਾਰਤੂਸ, ਇਕ ਰਿਵਾਲਵਰ .32 ਬੋਰ, 93 ਜ਼ਿੰਦਾ ਕਾਰਤੂਸ, 30 ਗ੍ਰਾਮ ਹੈਰੋਇਨ, 320 ਗ੍ਰਾਮ ਨਸ਼ੀਲਾ ਪਾਊਡਰ, ਇਕ ਲੈਪਟਾਪ, 2.57 ਲੱਖ ਰੁਪਏ ਦੀ ਨਕਦੀ, 6 ਮੋਬਾਇਲ ਫੋਨ, 2 ਜਿਓ ਇੰਟਰਨੈੱਟ ਡੌਂਗਲ ਅਤੇ 2 ਇਲੈਕਟ੍ਰੋਨਿਕਸ ਕੰਡੇ ਬਰਾਮਦ ਕੀਤੇ ਗਏ।

 


Related News