ਸੰਘਣੀ ਧੁੰਦ ''ਚ ਹਾਦਸੇ ਦੌਰਾਨ 2 ਦੋਸਤਾਂ ਦੀ ਮੌਤ
Monday, Dec 04, 2017 - 07:11 AM (IST)
ਹੁਸ਼ਿਆਰਪੁਰ (ਜ.ਬ.) - ਸ਼ਨੀਵਾਰ ਦੇਰ ਰਾਤ ਸੰਘਣੀ ਧੁੰਦ ਦੇ ਬਾਵਜੂਦ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਲੁਧਿਆਣਾ ਤੋਂ ਮਾਤਾ ਚਿੰਤਪੂਰਨੀ ਨੂੰ ਜਾਣ ਲਈ ਨਿਕਲੇ ਲੁਧਿਆਣਾ ਦੇ 5 ਦੋਸਤਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ 'ਚੋਂ 2 ਦੋਸਤਾਂ ਰੋਹਿਤ ਕੁਮਾਰ ਤੇ ਅਸ਼ੋਕ ਕੁਮਾਰ ਲਈ ਇਹ ਜ਼ਿੰਦਗੀ ਦਾ ਆਖਰੀ ਸਫ਼ਰ ਸਾਬਤ ਹੋਵੇਗਾ। ਤੀਸਰਾ ਦੋਸਤ ਦੀਪਕ ਵੀ ਗੰਭੀਰ ਹਾਲਤ 'ਚ ਇਸ ਸਮੇਂ ਡੀ. ਐੱਮ. ਸੀ. ਲੁਧਿਆਣਾ 'ਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ। ਹੁਸ਼ਿਆਰਪੁਰ-ਫਗਵਾੜਾ ਮਾਰਗ 'ਤੇ ਅੱਤੋਵਾਲ ਪਿੰਡ ਨਜ਼ਦੀਕ ਸ਼ਨੀਵਾਰ ਦੇਰ ਰਾਤ 2 ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ ਦੌਰਾਨ ਦੂਸਰੇ ਮੋਟਰਸਾਈਕਲ 'ਤੇ ਸਵਾਰ 2 ਦੋਸਤਾਂ ਨੂੰ ਹਾਦਸੇ ਦਾ ਪਤਾ ਉਦੋਂ ਚੱਲਿਆ, ਜਦੋਂ ਉਹ ਰਸਤੇ 'ਚ ਰੁਕ ਕੇ ਆਪਣੇ ਪਿੱਛੇ ਆ ਰਹੇ ਆਪਣੇ ਤਿੰਨਾਂ ਸਾਥੀਆਂ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਇਕ ਕਾਰ ਸਵਾਰ ਨੇ ਉਨ੍ਹਾਂ ਨੂੰ ਪਿੱਛੇ ਵਾਪਰੇ ਹਾਦਸੇ ਸਬੰਧੀ ਜਾਣਕਾਰੀ ਦਿੱਤੀ। ਹਾਦਸੇ ਦਾ ਕਾਰਨ ਸੰਘਣੀ ਧੁੰਦ ਹੋਣ ਕਰ ਕੇ ਮੋਟਰਸਾਈਕਲ ਸਵਾਰਾਂ ਨੂੰ ਅੱਗੇ ਜਾ ਰਿਹਾ ਟਰੱਕ ਨਾ ਦਿਸਣਾ ਹੈ।
2 ਦੋਸਤਾਂ ਦੀ ਮੌਕੇ 'ਤੇ ਹੀ ਹੋ ਗਈ ਮੌਤ -ਥਾਣਾ ਮੇਹਟੀਆਣਾ ਦੀ ਪੁਲਸ ਅਨੁਸਾਰ ਟਰੱਕ ਦੇ ਪਿੱਛੇ ਟੱਕਰ ਤੋਂ ਬਾਅਦ ਤਿੰਨੋਂ ਦੋਸਤ ਰੋਹਿਤ, ਅਸ਼ੋਕ ਤੇ ਦੀਪਕ ਸੜਕ 'ਚ ਡਿੱਗ ਪਏ ਸਨ। ਇਸੇ ਦੌਰਾਨ ਰੋਹਿਤ ਕੁਮਾਰ ਉਰਫ ਭੋਲਾ ਪੁੱਤਰ ਰਾਮ ਸ਼ੰਕਰ ਤੇ ਅਸ਼ੋਕ ਕੁਮਾਰ ਪੁੱਤਰ ਰਾਮ ਅਵਤਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਂਬੂਲੈਂਸ ਦੀ ਸਹਾਇਤਾ ਨਾਲ ਦੋਵਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀ ਦੀਪਕ ਨੂੰ ਹੁਸ਼ਿਆਰਪੁਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ। ਕੀ ਕਹਿੰਦੇ ਹਨ ਮਾਪੇ-ਸਿਵਲ ਹਸਪਤਾਲ 'ਚ ਐਤਵਾਰ ਸਵੇਰੇ ਦੋਵਾਂ ਮ੍ਰਿਤਕ ਦੋਸਤਾਂ ਰੋਹਿਤ ਕੁਮਾਰ ਦੇ ਪਿਤਾ ਰਾਮ ਸ਼ੰਕਰ ਅਤੇ ਅਸ਼ੋਕ ਕੁਮਾਰ ਦੇ ਪਿਤਾ ਰਾਮ ਅਵਤਾਰ ਨੇ ਰੋਂਦੇ ਹੋਏ ਮੇਹਟੀਆਣਾ ਪੁਲਸ ਨੂੰ ਦੱਸਿਆ ਕਿ ਰਾਤੀਂ ਬਿਊਟੀ ਪਾਰਲਰ 'ਚ ਕੰਮ ਖ਼ਤਮ ਕਰਨ ਉਪਰੰਤ ਸਾਰੇ ਪਹਿਲਾਂ ਇਕ ਜਗਰਾਤੇ 'ਚ ਗਏ ਸਨ। ਉੱਥੇ ਸਾਰਿਆਂ ਨੇ ਆਪੋ-ਆਪਣੇ ਘਰ ਰਾਤ 12 ਵਜੇ ਦੇ ਕਰੀਬ ਫੋਨ ਕਰ ਕੇ ਦੱਸਿਆ ਕਿ ਅਸੀਂ ਚਿੰਤਪੂਰਨੀ ਜਾ ਰਹੇ ਹਾਂ ਅਤੇ ਸਵੇਰੇ ਵਾਪਸ ਆਵਾਂਗੇ। ਪਰ ਸਾਨੂੰ ਕੀ ਪਤਾ ਸੀ ਕਿ ਉਹ ਹੁਣ ਕਦੇ ਵਾਪਸ ਨਹੀਂ ਆਉਣਗੇ। ਕੀ ਕਹਿੰਦੀ ਹੈ ਪੁਲਸ-ਮੌਕੇ 'ਤੇ ਮੌਜੂਦ ਥਾਣਾ ਮੇਹਟੀਆਣਾ ਦੇ ਏ. ਐੱਸ. ਆਈ. ਬਲਵਿੰਦਰ ਸਿੰਘ, ਮਦਨ ਸਿੰਘ ਅਤੇ ਹੈੱਡ ਕਾਂਸਟੇਬਲ ਬਲਬੀਰ ਸਿੰਘ ਨੇ ਦੱਸਿਆ ਕਿ ਸੰਘਣੀ ਧੁੰਦ ਕਰ ਕੇ ਮੋਟਰਸਾਈਕਲ ਸਵਾਰ ਅੱਗੇ ਚੱਲ ਰਹੇ ਟਰੱਕ ਨੂੰ ਨਾ ਦੇਖ ਸਕੇ, ਜਿਸ ਕਾਰਨ ਹਾਦਸਾ ਵਾਪਰਿਆ। ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰ ਕੇ ਲਾਸ਼ਾਂ ਉਨ੍ਹਾਂ ਹਵਾਲੇ ਕਰ ਦਿੱਤੀਆਂ ਹਨ।
