ਲੁਧਿਆਣਾ ''ਚ 2 ਮ੍ਰਿਤਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, ਪ੍ਰਸ਼ਾਸਨ ਦੇ ਫੁੱਲੇ ਹੱਥ-ਪੈਰ

Saturday, May 16, 2020 - 06:10 PM (IST)

ਲੁਧਿਆਣਾ ''ਚ 2 ਮ੍ਰਿਤਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, ਪ੍ਰਸ਼ਾਸਨ ਦੇ ਫੁੱਲੇ ਹੱਥ-ਪੈਰ

ਲੁਧਿਆਣਾ (ਰਿਸ਼ੀ, ਰਾਜ) : ਦੋ ਦਿਨ ਪਹਿਲਾਂ ਥਾਣਾ ਡਵੀਜ਼ਨ ਨੰਬਰ-5 ਅਤੇ ਥਾਣਾ ਜੀ. ਆਰ. ਪੀ. ਦੇ ਇਲਾਕਿਆਂ 'ਚ ਮਿਲੀਆਂ 2 ਲਾਸ਼ਾਂ ਦੀ ਸੈਂਪਲ ਰਿਪੋਰਟ ਕੋਰੋਨਾ ਪਾਜ਼ੇਟਿਵ ਨਿਕਲੀ ਹੈ। ਇਸ ਤੋਂ ਬਾਅਦ ਜਿੱਥੇ ਪੁਲਸ ਅਧਿਕਾਰੀਆਂ ਸਮੇਤ ਕਈ ਵਿਅਕਤੀਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ, ਉਥੇ ਲਾਸ਼ਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਉਣ ਵਾਲੇ ਤਿੰਨ ਵਿਅਕਤੀ ਵੀ ਕੁਅਰੰਟਾਈਨ ਕੀਤੇ ਗਏ ਹਨ। ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ। ਜਾਣਕਾਰੀ ਅਨੁਸਰ ਰੇਲਵੇ ਕਾਲੋਨੀ ਦੇ ਬੰਜਰ ਕੁਆਰਟਰ 'ਚ ਕਤਲ ਕਰ ਕੇ ਸੁੱਟਿਆ ਗਿਆ ਜਨਕਪੁਰੀ ਦਾ ਰਹਿਣ ਵਾਲਾ 8ਵੀਂ ਕਲਾਸ ਦਾ ਵਿਦਿਆਰਥੀ ਕਰਣ ਕੋਰੋਨਾ ਪਾਜ਼ੇਟਿਵ ਆਇਆ ਹੈ। ਪਤਾ ਲੱਗਦੇ ਹੀ ਪੁਲਸ ਵਿਭਾਗ ਦੇ ਹੱਥ-ਪੈਰ ਫੁੱਲ ਗਏ। ਪੁਲਸ ਅਫਸਰਾਂ ਵੱਲੋਂ ਆਪਣੇ 8 ਮੁਲਾਜ਼ਮਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਜਲਦ ਸਿਹਤ ਵਿਭਾਗ ਵੱਲੋਂ ਸੈਂਪਲ ਲਏ ਜਾਣਗੇ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਰਿਚਾ ਮੁਤਾਬਕ ਚੌਕੀ ਬੱਸ ਅੱਡਾ ਦੇ ਇੰਚਾਰਜ ਸਮੇਤ 4 ਏ. ਐੱਸ. ਆਈ., 1 ਸਬ ਇੰਸਪੈਕਟਰ, 2 ਕਾਂਸਟੇਬਲ, 1 ਹੋਮਗਾਰਡ ਮੁਲਾਜ਼ਮ ਸਮੇਤ ਫੌਰੈਂਸਿਕ ਵਿਭਾਗ ਦੇ 3 ਮੁਲਾਜ਼ਮ ਕੁਆਰੰਟਾਈਨ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਘਟਨਾ ਸਥਾਨ ’ਤੇ ਪੁੱਜ ਕੇ ਲਾਸ ਕਬਜ਼ੇ 'ਚ ਲੈਣ ਦੇ ਨਾਲ-ਨਾਲ ਜਾਂਚ ਕੀਤੀ ਗਈ ਸੀ। ਸਿਹਤ ਵਿਭਾਗ ਵੱਲੋਂ ਜਲਦ ਉਨ੍ਹਾਂ ਦੇ ਸੈਂਪਲ ਲਏ ਜਾਣਗੇ।
ਡੀ. ਸੀ. ਪੀ. ਤੋਂ ਲੈ ਕੇ ਐੱਸ. ਐੱਚ. ਓ. ਤੱਕ ਹੋਮ ਕੁਆਰੰਟਾਈਨ
ਡੀ. ਸੀ. ਪੀ. ਕ੍ਰਾਈਮ ਢੀਂਡਸਾ, ਏ. ਡੀ. ਸੀ. ਪੀ. ਕ੍ਰਾਈਮ, ਏ. ਡੀ. ਸੀ. ਪੀ.-3, ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਸਮੇਤ ਐੱਸ. ਐੱਚ. ਓ. ਰਿਚਾ ਹੋਮ ਕੁਆਰੰਟਾਈਨ ਹੋਏ ਹਨ ਤਾਂ ਕਿ 3 ਤੋਂ 4 ਦਿਨਾਂ ਤੱਕ ਕੋਰੋਨਾ ਦੇ ਲੱਛਣਾਂ ਦਾ ਪਤਾ ਲੱਗ ਸਕੇ। ਐੱਸ. ਐੱਚ. ਓ. ਰਿਚਾ ਮੁਤਾਬਕ ਸਾਰੇ ਆਪਣੇ ਪੱਧਰ ’ਤੇ ਹੋਮ ਕੁਆਰੰਟਾਈਨ ਹੋਏ ਹਨ। ਹਾਲਾਂਕਿ ਘਟਨਾ ਸਥਾਨ ’ਤੇ ਸਾਰੇ ਅਫਸਰ ਲਾਸ਼ ਦੇ ਨੇੜੇ ਨਹੀਂ ਗਏ ਸਨ, ਇਸ ਗੱਲ ਦੀ ਉਨ੍ਹਾਂ ਨੂੰ ਰਾਹਤ ਹੈ।
ਕਤਲ ਦੀ ਜਾਂਚ ਲਟਕੀ, ਪੋਸਟਮਾਰਟਮ ਹੋਣਾ ਵੀ ਨਹੀਂ ਕਲੀਅਰ
ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਵੱਲੋਂ ਕੀਤੀ ਜਾਣ ਵਾਲੀ ਕਤਲ ਦੀ ਜਾਂਚ ਵੀ ਲਟਕ ਗਈ ਹੈ ਕਿਉਂਕਿ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਣ ਦੀ ਗੱਲ ਅਜੇ ਕਲੀਅਰ ਨਹੀਂ ਹੋ ਰਹੀ। ਜੇਕਰ ਪੋਸਟਮਾਰਟਮ ਨਹੀਂ ਹੁੰਦਾ ਤਾਂ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕੇਗਾ ਅਤੇ ਇਸੇ ਹੀ ਤਰ੍ਹਾਂ ਲਾਸ਼ ਦਾ ਸਸਕਾਰ ਕੀਤਾ ਜਾ ਸਕਦਾ ਹੈ।
ਜਨਕਪੁਰੀ ਪੁਲਸ ਨੇ ਘਰ ਕੀਤਾ ਸੀਲ, 7 ਪਰਿਵਾਰਕ ਮੈਂਬਰ ਕੁਆਰੰਟਾਈਨ
ਕਰਣ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਵੱਲੋਂ ਉਸ ਦੇ ਜਨਕਪੁਰੀ ਦੀ ਗਲੀ ਨੰਬਰ-13 'ਚ ਘਰ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ 'ਚ ਪਿਤਾ ਰਾਜੇਸ਼ ਕੁਮਾਰ ਉਮਰ 39 ਸਾਲ, ਮਾਤਾ ਸੰਜੂ ਉਮਰ 35 ਸਾਲ, ਭਰਾ ਅਜੀਤ ਉਮਰ 10 ਸਾਲ ਅਤੇ ਭੈਣ ਕੋਮਲ ਉਮਰ 12 ਸਾਲ ਰਿਸ਼ਤੇਦਾਰ ਰਾਕੇਸ਼ ਉਮਰ 28 ਸਾਲ, ਉਸ ਦੀ ਪਤਨੀ ਨੀਤੂ ਉਮਰ 23 ਸਾਲ ਅਤੇ ਰੇਟੀ ਰੀਆ 6 ਸਾਲ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਇਨ੍ਹਾਂ ਦੇ ਸੈਂਪਲ ਲੈਣ ਦੇ ਨਾਲ-ਨਾਲ 15 ਦਿਨਾਂ 'ਚ ਇਨ੍ਹਾਂ ਦੇ ਲਿੰਕ 'ਚ ਆਉਣ ਵਾਲੇ ਲੋਕਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ।


author

Babita

Content Editor

Related News