ਤੇਜ ਰਫ਼ਤਾਰ ਟਰਾਲੇ ਦੀ ਲਪੇਟ ''ਚ ਆੳਣ ਨਾਲ 2 ਨੌਜਵਾਨਾਂ ਦੀ ਮੌਤ
Monday, Mar 13, 2023 - 12:14 PM (IST)

ਜੋਧਾਂ (ਸਰੋਏ) : ਗੁੱਜਰਵਾਲ ਡੇਹਲੋਂ ਸੜਕ ਤੇ ਨਾਰੰਗਵਾਲ ਕਾਲਜ ਨਜ਼ਦੀਕ ਬੀਤੀ ਰਾਤ ਤੇਜ ਰਫ਼ਤਾਰ ਟਰਾਲੇ ਦੀ ਲਪੇਟ 'ਚ ਆਉਣ ਕਾਰਨ 2 ਨੌਜਵਾਨ ਮੌਤ ਦੇ ਮੂੰਹ 'ਚ ਜਾ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਜਗਜੀਵਨ ਸਿੰਘ ਬੱਬੂ ਪੁੱਤਰ ਦਰਸ਼ਨ ਸਿੰਘ ਵਾਸੀ ਗੁੱਜਰਵਾਲ ਅਤੇ ਮਨਿੰਦਰ ਸਿੰਘ ਮਨੀ ਪੁੱਤਰ ਸੁਖਦੇਵ ਸਿੰਘ ਵਾਸੀ ਬਰੋਟਾ ਰੋਡ ਨਿਊ ਸ਼ਿਮਲਾ ਪੁਰੀ ਲੁਧਿਆਣਾ ਆਪੋ-ਆਪਣੇ ਮੋਟਰਸਾਈਕਲਾਂ 'ਤੇ ਬੀਤੀ ਰਾਤ ਜਾ ਰਹੇ ਸਨ।
ਇਸ ਦੌਰਾਨ ਇਕ ਤੇਜ਼ ਰਫ਼ਤਾਰ ਟਰਾਲੇ ਨੇ ਉਨ੍ਹਾਂ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਮਨਿੰਦਰ ਸਿੰਘ ਮਨੀ ਮੌਕੇ 'ਤੇ ਹੀ ਦਮ ਤੋੜ ਗਿਆ, ਜਦ ਕਿ ਜਗਜੀਵਨ ਸਿੰਘ ਨੇ ਹਸਪਤਾਲ ਜਾਂਦਿਆਂ ਰਸਤੇ 'ਚ ਦਮ ਤੋੜ ਦਿੱਤਾ। ਟਰਾਲਾ ਚਾਲਕ ਮੌਕੇ ਤੋਂ ਟਰਾਲੇ ਸਮੇਤ ਫ਼ਰਾਰ ਹੋ ਗਿਆ। ਡੇਹਲੋਂ ਪੁਲਸ ਨੇ ਅਣਪਛਾਤੇ ਟਰਾਲਾ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭੀ ਹੈ।