ਪੰਜਾਬ ਵਿਚ ਲਾਏ ਜਾਣਗੇ 2 ਕਰੋੜ ਨਵੇਂ ਬੂਟੇ : ਧਰਮਸੌਤ
Sunday, Apr 08, 2018 - 07:15 AM (IST)
ਸੰਗਰੁਰ (ਵਿਵੇਕ ਸਿੰਧਵਾਨੀ, ਬੇਦੀ) - ਜੰਗਲਾਤ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਸੂਬੇ 'ਚ 2 ਕਰੋੜ ਬੂਟੇ ਲਾਏ ਜਾਣਗੇ। ਇਹ ਜਾਣਕਾਰੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਵਿਧਾਇਕ ਵਿਜੇਇੰਦਰ ਸਿੰਗਲਾ ਦੇ ਨਿਵਾਸ ਸਥਾਨ 'ਤੇ ਉਨ੍ਹਾਂ ਦੇ ਪਿਤਾ ਸਵ. ਸੰਤ ਰਾਮ ਸਿੰਗਲਾ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ 2 ਕਰੋੜ ਬੂਟੇ ਲਾ ਕੇ ਪੰਜਾਬ ਨੂੰ ਫਿਰ ਤੋਂ ਹਰਿਆ- ਭਰਿਆ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਾਡੇ ਵੱਲੋਂ ਪੰਜਾਬ ਵਿਚ ਇਕ ਕਰੋੜ ਬੂਟਾ ਲਾਉਣ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਅਸੀਂ ਇਸ ਟੀਚੇ ਤੋਂ ਵੱਧ ਬੂਟੇ ਲਾਏ ਸਨ, ਜਿਸ 'ਤੇ ਪੰਜਾਬ ਦੇ ਜੰਗਲਾਤ ਵਿਭਾਗ ਨੂੰ ਕੇਂਦਰ ਵੱਲੋਂ ਹੱਲਾਸ਼ੇਰੀ ਦਿੱਤੀ ਗਈ ਹੈ। ਸਾਨੂੰ ਇਸ ਕੰਮ 'ਚ ਧਾਰਮਿਕ ਸੰਸਥਾਵਾਂ, ਕਲੱਬਾਂ, ਪਿੰਡਾਂ ਦੀਆਂ ਪੰਚਾਇਤਾਂ, ਸਿੱਖਿਆ ਅਦਾਰਿਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੀ ਕਬਜ਼ੇ ਅਧੀਨ 31,000 ਏਕੜ ਜ਼ਮੀਨ ਨੂੰ ਛੁਡਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਭ ਤੋਂ ਪਹਿਲਾਂ ਇਕੱਲੇ ਲੁਧਿਆਣਾ ਵਿਖੇ 400 ਏਕੜ ਜ਼ਮੀਨ ਛੁਡਵਾਈ ਗਈ ਹੈ, ਜਿਸ ਦੀ ਕੀਮਤ ਕਰੀਬ 700 ਕਰੋੜ ਰੁਪਏ ਹੈ। ਹੁਣ ਤੱਕ ਜੰਗਲਾਤ ਵਿਭਾਗ ਦੀ 10,000 ਏਕੜ ਜ਼ਮੀਨ ਕਬਜ਼ੇ 'ਚੋਂ ਛੁਡਵਾਈ ਜਾ ਚੁੱਕੀ ਹੈ। ਬਾਕੀ 21,000 ਏਕੜ ਜ਼ਮੀਨ ਦੇ ਕੇਸ ਅਦਾਲਤ 'ਚ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਬੂਟੇ ਲਾਉਣ ਲਈ ਨਵੀਂ ਜ਼ਮੀਨ ਖਰੀਦੀ ਜਾਵੇਗੀ।
ਕਾਲਜ ਦੇ ਬਾਕੀ ਰਹਿੰਦੇ ਐੱਸ. ਸੀ. ਫੰਡ ਬਾਰੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ 10 ਸਾਲਾਂ 'ਚ 700 ਕਰੋੜ ਰੁਪਏ ਬਕਾਇਆ ਰਹਿੰਦੇ ਸਨ, ਜਿਨ੍ਹਾਂ 'ਚੋਂ 400 ਕਰੋੜ ਰੁਪਏ ਜਾਅਲੀ ਢੰਗ ਨਾਲ ਨਿਕਲ ਚੁੱਕੇ ਹਨ, ਜਿਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਕੇਸ ਦਰਜ ਕੀਤੇ ਜਾਣਗੇ। ਹੁਣ ਸਾਡੇ ਕੋਲ 115 ਕਰੋੜ ਰੁਪਏ ਆਏ ਸਨ, ਜੋ ਅਸੀਂ ਰਿਲੀਜ਼ ਕਰ ਚੁੱਕੇ ਹਾਂ। ਪੰਜਾਬ ਦੇ ਚਾਰ ਉੱਚ ਪੁਲਸ ਅਧਿਕਾਰੀਆਂ ਦੀ ਆਪਸੀ ਲੜਾਈ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਹ ਮਹਿਕਮਾ ਮੁੱਖ ਮੰਤਰੀ ਕੋਲ ਹੈ। ਜੋ ਵੀ ਅਧਿਕਾਰੀ ਦੋਸ਼ੀ ਹੋਣਗੇ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਸੰਗਰੂਰ ਦੇ ਵਿਧਾਇਕ ਵਿਜੇਇੰਦਰ ਸਿੰਗਲਾ, ਨਗਰ ਕੌਂਸਲਰ ਬਰਨਾਲਾ ਮਹੇਸ਼ ਕੁਮਾਰ ਲੋਟਾ, ਕੁਲਦੀਪ ਧਰਮਾ, ਕਾਂਗਰਸੀ ਆਗੂ ਨਰਿੰਦਰ ਸ਼ਰਮਾ, ਮੰਗਲਦਾਸ ਮੰਗਲੀ, ਅਮਰਜੀਤ ਕਾਕਾ, ਐੱਸ. ਡੀ. ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਤਿੰਦਰਨਾਥ ਸ਼ਰਮਾ, ਰਾਜਿੰਦਰ ਗਾਰਗੀ, ਗੁਰਪ੍ਰੀਤ ਸਿੰਘ ਬਾਜਵਾ, ਅਸ਼ਵਨੀ ਕੁਮਾਰ ਆਸ਼ੂ ਭੂਤ ਪ੍ਰਧਾਨ ਨਗਰ ਕੌਂਸਲ ਤਪਾ, ਅਨਿਲ ਕੁਮਾਰ ਕਾਲਾ ਭੂਤ ਨਗਰ ਕੌਂਸਲਰ, ਡਾ. ਸਨੀ ਸਦਿਉੜਾ, ਦਿਲਦਾਰ ਖਾਂ, ਸ਼੍ਰੀਪਾਲ ਮਿੱਤਲ ਸਾਬਕਾ ਐੱਮ. ਸੀ. , ਹਿਤਅਭਿਲੇਸ਼ ਗੁਪਤਾ, ਪ੍ਰਵੀਨ ਬਬਲੀ ਐੱਮ. ਸੀ., ਯਸ਼ਪਾਲ ਗੋਗੀ ਆਦਿ ਵੀ ਹਾਜ਼ਰ ਸਨ।
