ਫਿਰ ਚਿੰਤਾਜਨਕ ਬਣ ਰਹੇ ਹਾਲਾਤ: ਪੰਜਾਬ ''ਚ 2 ਕੋਰੋਨਾ ਮਰੀਜ਼ਾਂ ਦੀ ਮੌਤ, 269 ਪਾਜ਼ੇਟਿਵ
Tuesday, Aug 09, 2022 - 01:18 AM (IST)
ਲੁਧਿਆਣਾ (ਸਹਿਗਲ) : ਪੰਜਾਬ 'ਚ ਅੱਜ 2 ਕੋਰੋਨਾ ਦੇ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ 269 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਦੋਵੇਂ ਮ੍ਰਿਤਕ ਮਰੀਜ਼ ਲੁਧਿਆਣਾ ਦੇ ਵਸਨੀਕ ਸਨ, ਜਿਨ੍ਹਾਂ 'ਚ ਇਕ 52 ਸਾਲਾ ਔਰਤ ਤੇ ਇਕ 27 ਸਾਲਾ ਨੌਜਵਾਨ ਸ਼ਾਮਲ ਹੈ। ਸੂਬੇ 'ਚ ਐਕਟਿਵ ਮਰੀਜ਼ਾਂ ਦੀ ਸੰਖਿਆ 2901 ਰਹਿ ਗਈ ਹੈ, ਜਦੋਂ ਕਿ ਪਾਜ਼ੇਟਿਵਿਟੀ ਦਰ 4.96 ਫ਼ੀਸਦੀ ਦਰਜ ਕੀਤੀ ਗਈ ਹੈ। ਸਿਹਤ ਅਧਿਕਾਰੀਆਂ ਅਨੁਸਾਰ ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿੱਚ 108 ਮਰੀਜ਼ਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ, ਜਦੋਂ ਕਿ 21 ਮਰੀਜ਼ਾਂ ਨੂੰ ਆਈ.ਸੀ.ਯੂ. ਵਿੱਚ ਸ਼ਿਫਟ ਕੀਤਾ ਗਿਆ ਹੈ। 3 ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ। ਸੂਬੇ 'ਚ 5576 ਸੈਂਪਲ ਜਾਂਚ ਲਈ ਭੇਜੇ ਗਏ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤੋਂ ਸਹੀ ਸਥਿਤੀ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਜ਼ਿਲ੍ਹਿਆਂ 'ਚ ਅੱਜ ਜ਼ਿਆਦਾ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ 'ਚ ਮੋਹਾਲੀ ਤੋਂ 62, ਜਲੰਧਰ 54, ਪਟਿਆਲਾ 32, ਲੁਧਿਆਣਾ 22, ਅੰਮ੍ਰਿਤਸਰ 21 ਤੇ ਰੋਪੜ ਤੋਂ 16 ਮਰੀਜ਼ ਸ਼ਾਮਲ ਹਨ।
ਖ਼ਬਰ ਇਹ ਵੀ : ਕਿਸਾਨ ਮੁੜ ਧਰਨੇ 'ਤੇ, ਉਥੇ ਭਾਰੀ ਵਿਰੋਧ ਦੇ ਬਾਵਜੂਦ ਲੋਕ ਸਭਾ 'ਚ ਬਿਜਲੀ ਸੋਧ ਬਿੱਲ ਪੇਸ਼, ਪੜ੍ਹੋ TOP 10
ਜ਼ਿਕਰਯੋਗ ਹੈ ਕਿ ਸੂਬੇ 'ਚ ਪਿਛਲੇ 4 ਮਹੀਨਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 91 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 28 ਮਰੀਜ਼ ਇਕੱਲੇ ਲੁਧਿਆਣਾ ਦੇ ਵਸਨੀਕ ਸਨ। ਸੂਬੇ 'ਚ ਹੁਣ ਤੱਕ 7,77,362 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 20,396 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ 8336 ਲੋਕਾਂ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ, ਜਿਨ੍ਹਾਂ 'ਚੋਂ 1621 ਲੋਕਾਂ ਨੇ ਪਹਿਲੀ, ਜਦਕਿ 6715 ਲੋਕਾਂ ਨੇ ਦੂਜੀ ਡੋਜ਼ ਲਗਵਾਈ ਹੈ। ਸੂਬੇ 'ਚ ਸੈਂਪਲ ਅਤੇ ਟੀਕਾਕਰਨ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ ਆਉਣ ਦੇ ਬਾਵਜੂਦ 5 ਫ਼ੀਸਦੀ ਲੋਕ ਵੀ ਵਾਇਰਸ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਝਟਕਾ, 1158 ਅਸਿਸਟੈਂਟ ਪ੍ਰੋਫੈਸਰਾਂ ਦੀ ਨਿਯੁਕਤੀ ’ਤੇ ਲਾਈ ਰੋਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।