ਚੋਰੀਸ਼ੁਦਾ 4 ਮੋਟਰਸਾਈਕਲਾਂ ਸਮੇਤ 2 ਕਾਬੂ

Tuesday, Mar 27, 2018 - 07:11 AM (IST)

ਚੋਰੀਸ਼ੁਦਾ 4 ਮੋਟਰਸਾਈਕਲਾਂ ਸਮੇਤ 2 ਕਾਬੂ

ਰਈਆ,  (ਹਰਜੀਪ੍ਰੀਤ, ਦਿਨੇਸ਼)-  ਰਈਆ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਲਾਏ ਗਏ ਇਕ ਨਾਕੇ ਦੌਰਾਨ ਦੋ ਕਥਿਤ ਮੋਟਰਸਾਈਕਲ ਚੋਰ ਕਾਬੂ ਆ ਗਏ ਤੇ ਇਨ੍ਹਾਂ ਦਾ ਇਕ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ। ਅੱਜ ਪੁਲਸ ਚੌਕੀ ਰਈਆ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਰਨਦੀਪ ਸਿੰਘ ਸੰਧੂ ਐੱਸ. ਐੱਚ. ਓ. ਬਿਆਸ ਨੇ ਦੱਸਿਆ ਕਿ ਨਿੱਤ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਰ ਕੇ ਰਈਆ ਪੁਲਸ ਚੌਕੀ ਇੰਚਾਰਜ ਆਗਿਆਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਨਾਕਾ ਲਾਇਆ ਹੋਇਆ ਸੀ । ਇਸ ਦੌਰਾਨ ਸ਼ੱਕ ਪੈਣ 'ਤੇ ਤਿੰਨ ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਹ ਆਪਣੇ ਮੋਟਰਸਾਈਕਲ ਦਾ ਕੋਈ ਕਾਗਜ਼-ਪੱਤਰ ਨਹੀਂ ਵਿਖਾ ਸਕੇ। ਇਹ ਮੋਟਰਸਾਈਕਲ ਚੋਰੀ ਦਾ ਨਿਕਲਿਆ । ਇਨ੍ਹਾਂ ਦਾ ਤੀਜਾ ਸਾਥੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ । ਬਾਅਦ ਵਿਚ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਤਿੰਨ ਹੋਰ ਚੋਰੀ ਦੇ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਗਏ । ਫੜੇ ਗਏ ਕਥਿਤ ਚੋਰਾਂ ਦੀ ਪਛਾਣ ਸੋਨੂੰ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਰਈਆ ਤੇ ਬਲਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਘੱਗੇ ਥਾਣਾ ਵੈਰੋਵਾਲ ਵਜੋਂ ਹੋਈ ਹੈ ਤੇ ਭੱਜਣ ਵਾਲਾ ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਗੁਰਨਾਮ ਸਿੰਘ ਵਾਸੀ ਰਈਆ ਨਿਕਲਿਆ । ਉਨ੍ਹਾਂ ਦੱਸਿਆ ਕਿ ਸ਼ੇਰਾ ਰਈਆ ਖੁਰਦ ਨੇੜੇ ਇਕ ਬੇਕਰੀ 'ਤੇ ਹੋਈ ਖੋਹ ਵਿਚ ਵੀ ਸ਼ਾਮਲ ਸੀ । ਪੁਲਸ ਨੇ ਇਨ੍ਹਾਂ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


Related News