ਆਨਲਾਈਨ ਠੱਗੀ ਮਾਰਨ ਦੇ ਮਾਮਲਿਆਂ ’ਚ ਪੁਲਸ ਨੇ 2 ਦੋਸ਼ੀ ਕੀਤੇ ਗ੍ਰਿਫਤਾਰ
Tuesday, Mar 02, 2021 - 12:36 AM (IST)
ਸੰਗਰੂਰ, (ਬੇਦੀ)- ਇੰਸਟਾਗ੍ਰਾਮ ਤਾਂਤਰਿਕ ਗੈਂਗ ਅਤੇ ਆਨਲਾਈਨ ਨੌਕਰੀ ਗੈਂਗ ਦੇ ਵੱਖ-ਵੱਖ ਮਾਮਲਿਆਂ ’ਚ ਸਾਈਬਰ ਸੈੱਲ ਜ਼ਿਲ੍ਹਾ ਸੰਗਰੂਰ ਦੀ ਟੀਮ ਨੇ 2 ਦੋਸ਼ੀਆਂ ਨੂੰ ਕਾਬੂ ਕੀਤਾ। ਜਾਣਕਾਰੀ ਦਿੰਦਿਆਂ ਮੋਹਿਤ ਅਗਰਵਾਲ ਡੀ. ਐੱਸ. ਪੀ. ਦਿੜ੍ਹਬਾ ਨੇ ਦੱਸਿਆ ਕਿ ਇੰਸਟਾਗ੍ਰਾਮ ਤਾਂਤਰਿਕ ਗੈਂਗ ਦਾ ਮਾਮਲਾ ਜੋ ਕਿ ਥਾਣਾ ਸਦਰ ਅਹਿਮਦਗੜ੍ਹ ’ਚ ਰਜਿਸਟਰ ’ਚ ਉਸ ਮਾਮਲੇ ’ਚ ਦੋਸ਼ੀ ਸਚਿਨ ਭਾਰਗਵ ਪੁੱਤਰ ਛੱਜੂ ਭਾਰਗਵ ਵਾਸੀ ਵਾਰਡ ਨੰ.18 ਮੁਹੱਲਾ ਪੁਰਾਣਾ ਵਾਸ ਨੇੜੇ ਮੰਦਿਰ ਰਾਜਗੜ੍ਹ ਚੁਰੂ, ਰਾਜਸਥਾਨ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਨੇ ਆਪਣੇ ਸਾਥੀ ਨਾਲ ਮਿਲਕੇ ਇੰਸਟਾਗ੍ਰਾਮ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ’ਤੇ ਵੱਖਰੇ ਪੇਜ ਬਣਾ ਕੇ ਲੋਕਾਂ ਨੂੰ ਵੱਖੋਂ-ਵੱਖਰੇ ਢੰਗ ਨਾਲ ਉਨ੍ਹਾਂ ਦੇ ਦੁੱਖ ਤਕਲੀਫ ਦੂਰ ਕਰਨ ਦਾ ਝਾਂਸਾ ਦੇ ਕੇ ਕਰੀਬ 45 ਵਿਅਕਤੀ ਜੋ ਕਿ ਪੂਰੇ ਭਾਰਤ ਜਿਵੇਂ ਰਾਜਸਥਾਨ, ਪੰਜਾਬ, ਗੁਜਰਾਤ, ਕਰਨਾਟਕ, ਹਰਿਆਣਾ, ਦਿੱਲੀ ਮੁੰਬਈ ਅਤੇ ਬਾਹਰਲੇ ਦੇਸ਼ਾਂ ’ਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨਾਲ ਠੱਗੀ ਮਾਰੀ ਹੈ।
ਦੂਜਾ ਮਾਮਲਾ ਆਨਲਾਈਨ ਨੌਕਰੀ ਦੇ ਨਾਂ ’ਤੇ ਠੱਗੀ ਮਾਰਨ ਦਾ ਹੈ। ਥਾਣਾ ਸਿਟੀ ਸੰਗਰੂਰ ’ਚ ਆਈ. ਟੀ. ਐਕਟ ਤਹਿਤ ਦਰਜ ਮਾਮਲੇ ’ਚ ਦੋਸ਼ੀ ਅਜੇ ਕੁਮਾਰ ਗੁਪਤਾ ਪੁੱਤਰ ਰਾਮ ਬਹਾਦਰ ਗੁਪਤਾ ਵਾਸੀ ਸ਼ਕਤੀ ਵਿਹਾਰ ਮਿੱਠਾਪੁਰ ਬਦਰਪੁਰ ਨਵੀਂ ਦਿੱਲੀ ਨੂੰ ਕਾਬੂ ਕੀਤਾ ਹੈ। ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਦੋਸ਼ੀ ਆਪਣੇ ਸਾਥੀਆਂ ਨਾਲ ਮਿਲ ਕੇ ਆਨਲਾਈਨ ਨੌਕਰੀ ਦੇਣ ਸਬੰਧੀ ਕਾਲ ਕਰ ਕੇ ਮੁੱਦਈ ਨੂੰ ਨੌਕਰੀ ਦੇਣ ਦਾ ਝਾਂਸੇ ਤਹਿਤ ਆਨਲਾਈਨ ਫਾਰਮ ਭਰ ਕੇ ਭੇਜ ਕੇ ਮੁੱਦਈ ਪਾਸੋਂ ਉਸਦੇ ਡੈਬਿਟ ਕਾਰਡ ਦੀ ਡਿਟੇਲ ਹਾਸਲ ਕਰ ਕੇ ਕੁੱਲ 38,484 ਰੁਪਏ ਦੀ ਠੱਗੀ ਮਾਰੀ ਹੈ ਮਾਮਲੇ ਹੋਰ ਪੜਤਾਲ ਹਾਲੇ ਜਾਰੀ ਹੈ।