ਸ਼ਿਵ ਸੈਨਾ ਆਗੂ ’ਤੇ ਜਾਨਲੇਵਾ ਹਮਲਾ ਕਰਨ ਵਾਲੇ 2 ਹਮਲਾਵਰ ਗ੍ਰਿਫਤਾਰ

Sunday, Mar 01, 2020 - 11:52 PM (IST)

ਸ਼ਿਵ ਸੈਨਾ ਆਗੂ ’ਤੇ ਜਾਨਲੇਵਾ ਹਮਲਾ ਕਰਨ ਵਾਲੇ 2 ਹਮਲਾਵਰ ਗ੍ਰਿਫਤਾਰ

ਗੁਰਦਾਸਪੁਰ, (ਹਰਮਨ, ਜ.ਬ.)- ਪਿਛਲੇ ਮਹੀਨੇ ਗੁਰਦਾਸਪੁਰ ਜ਼ਿਲੇ ’ਚ ਧਾਰੀਵਾਲ ਵਿਖੇ ਸ਼ਿਵ ਸੈਨਾ ਹਿੰਦੋਸਤਾਨ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਹਨੀ ਮਹਾਜਨ ’ਤੇ ਜਾਨਲੇਵਾ ਹਮਲਾ ਕਰਨ ਅਤੇ ਇਕ ਨੌਜਵਾਨ ਨੂੰ ਮਾਰਨ ਵਾਲੇ 2 ਹਮਲਾਵਰਾਂ ਨੂੰ ਗੁਰਦਾਸਪੁਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਕਰੀਬ 17 ਦਿਨਾਂ ਦੀ ਲੰਮੀ ਮਿਹਨਤ ਦੇ ਬਾਅਦ ਪੁਲਸ ਵੱਲੋਂ ਕਾਬੂ ਕੀਤੇ ਗਏ ਇਨ੍ਹਾਂ 2 ਹਮਲਾਵਰਾਂ ਕੋਲੋਂ 20 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ ਜਦਕਿ ਪੁਲਸ ਵੱਲੋਂ ਇਨ੍ਹਾਂ ਦਾ ਰਿਮਾਂਡ ਹਾਸਲ ਕਰ ਕੇ ਇਸ ਮਾਮਲੇ ਸਬੰਧੀ ਬਹੁਤ ਹੀ ਬਾਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਸੰਪਰਕ ਕਰਨ ’ਤੇ ਐੱਸ. ਐੱਸ. ਪੀ. ਗੁਰਦਾਸਪੁਰ ਸਵਰਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਦੀਆਂ ਕਈ ਟੀਮਾਂ ਇਨ੍ਹਾਂ ਕਾਤਲਾਂ ਦੀ ਭਾਲ ’ਚ ਕੰਮ ਕਰ ਰਹੀਆਂ ਸਨ, ਜਿਸ ਤਹਿਤ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਇਸ ਇਲਾਕੇ ’ਚ ਘੁੰਮ ਰਹੇ ਹਨ। ਪੁਲਸ ਨੇ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਹਮਲਾਵਰਾਂ ਦੀ ਪਛਾਣ ਸੰਨੀ ਪੁੱਤਰ ਨਰਿੰਦਰ ਵਾਸੀ ਔਜਲਾ ਕਾਲੋਨੀ ਅਤੇ ਸਿਮਰਜੀਤ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਕੰਡਿਆਲਾ ਬਟਾਲਾ ਵਜੋਂ ਹੋਈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਇਨ੍ਹਾਂ ਹਮਲਾਵਰਾਂ ਦੀ ਨਿਸ਼ਾਨਦੇਹੀ ’ਤੇ ਧਾਰੀਵਾਲ ਨਹਿਰ ਦੇ ਨੇਡ਼ਿਓਂ 20 ਕਾਰਤੂਸ ਬਰਾਮਦ ਕੀਤੇ ਗਏ, ਜੋ ਇਨ੍ਹਾਂ ਨੇ ਤਰਨਤਾਰਨ ਦੇ ਗਨ ਹਾਊਸ ’ਚੋਂ ਚੋਰੀ ਕੀਤੇ ਸਨ। ਪੁਲਸ ਇਨ੍ਹਾਂ ਕੋਲੋਂ ਹੋਰ ਪੁੱਛਗਿਛ ਕਰ ਰਹੀ ਹੈ, ਜਿਸ ਦੇ ਬਾਅਦ ਸਾਰੀ ਸੱਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ 11 ਫਰਵਰੀ ਨੂੰ ਸ਼ਾਮ 7.30 ਵਜੇ ਦੇ ਕਰੀਬ 2 ਹਮਲਾਵਾਰਾਂ ਨੇ ਧਾਰੀਵਾਲ ਦੇ ਡਡਵਾਂ ਰੋਡ ’ਤੇ ਜਾ ਕੇ ਹਨੀ ਮਹਾਜਨ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ 3 ਗੋਲੀਆਂ ਹਨੀ ਮਹਾਜਨ ਦੀ ਲੱਤ ’ਚ ਲੱਗ ਗਈਆਂ ਸਨ ਜਦਕਿ ਉਨ੍ਹਾਂ ਦੇ ਨਾਲ ਮੌਜੂਦ ਅਸ਼ੋਕ ਮਹਾਜਨ ਦੇ ਗੋਲੀ ਲੱਗਣ ਕਾਰਣ ਮੌਤ ਹੋ ਗਈ ਸੀ। ਉਸ ਦਿਨ ਤੋਂ ਹੀ ਇਨ੍ਹਾਂ ਹਮਲਾਵਰਾਂ ਦਾ ਪਤਾ ਲਗਾਉਣ ਲਈ ਪੁਲਸ ਵੱਲੋਂ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਤਹਿਤ ਪੁਲਸ ਨੇ ਹਮਲਾਵਰਾਂ ਦੇ ਸਕੈੱਚ ਵੀ ਜਾਰੀ ਕੀਤੇ ਸਨ।


author

Bharat Thapa

Content Editor

Related News