ਕਾਰ ਸਵਾਰ ਲੜਕੀ ਦੀ ਸ਼ਿਕਾਇਤ ''ਤੇ 2 ਗ੍ਰਿਫਤਾਰ
Tuesday, Aug 22, 2017 - 07:28 AM (IST)

ਚੰਡੀਗੜ੍ਹ,(ਸੰਦੀਪ)- ਕਾਰ ਸਵਾਰ ਲੜਕੀਆਂ ਦੀ ਕਾਰ 'ਚ ਜਬਰੀ ਬੈਠ ਕੇ ਉਨ੍ਹਾਂ ਨੂੰ ਅਗਵਾ ਕਰਨ ਦਾ ਯਤਨ, ਉਨ੍ਹਾਂ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਸੈਕਟਰ-11 ਥਾਣਾ ਪੁਲਸ ਨੇ ਰੋਪੜ ਵਾਸੀ ਰਾਜਿੰਦਰ ਸਿੰਘ ਅਤੇ ਤਰਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀ ਰਾਜਿੰਦਰ ਨੂੰ ਸਵੇਰ ਸਮੇਂ ਮੌਕੇ ਤੋਂ, ਜਦਕਿ ਦੂਜੇ ਦੋਸ਼ੀ ਨੂੰ ਸ਼ਾਮ ਨੂੰ ਕਾਬੂ ਕੀਤਾ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਦੋਸ਼ੀ ਨੌਜਵਾਨ ਰੋਪੜ ਤੋਂ ਇਥੇ ਚੰਡੀਗੜ੍ਹ ਘੁੰਮਣ ਆਏ ਸਨ।
ਸੂਚਨਾ ਮਿਲਦੇ ਪੁਲਸ ਪਹੁੰਚੀ ਮੌਕੇ 'ਤੇ
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਆਪ੍ਰੇਸ਼ਨ ਰਵੀ ਕੁਮਾਰ ਨੇ ਦੱਸਿਆ ਕਿ ਸਵੇਰ ਸਮੇਂ ਕਰੀਬ 4.30 ਵਜੇ ਦੋ ਲੜਕੀਆਂ ਨਾਈਟ ਫੂਡ ਸਟ੍ਰੀਟ 'ਚ ਰੋਟੀ ਖਾਣ ਲਈ ਆਈਆਂ ਸਨ। ਰੋਟੀ ਖਾਣ ਤੋਂ ਬਾਅਦ ਜਿਵੇਂ ਹੀ ਉਹ ਆਪਣੀ ਕਾਰ 'ਚ ਸਵਾਰ ਹੋ ਕੇ ਘਰ ਵਲ ਜਾਣ ਲੱਗੀਆਂ ਤਾਂ ਉਸੇ ਸਮੇਂ ਦੋ ਨੌਜਵਾਨ ਆਏ ਅਤੇ ਜਬਰੀ ਉਨ੍ਹਾਂ ਦੀ ਕਾਰ 'ਚ ਬੈਠਦੇ ਹੋਏ ਉਨ੍ਹਾਂ ਨੂੰ ਸੈਕਟਰ-17 ਬੱਸ ਅੱਡੇ ਤਕ ਛੱਡਣ ਲਈ ਕਿਹਾ।
ਨੌਜਵਾਨਾਂ ਨੂੰ ਵੇਖ ਕੇ ਲੜਕੀਆਂ ਡਰ ਗਈਆਂ ਅਤੇ ਉਹ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਉਣ, ਇਹ ਸੋਚ ਕੇ ਕਾਰ ਲੈ ਕੇ ਸੈਕਟਰ-17 ਬਸ ਅੱਡੇ ਪਹੁੰਚੀਆਂ। ਇਥੇ ਪਹੁੰਚਣ 'ਤੇ ਨੌਜਵਾਨਾਂ ਨੇ ਕਾਰ 'ਚੋਂ ਉਤਰਨ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇਕ ਲੜਕੀ ਨੇ ਮੌਕਾ ਪਾਉਂਦੇ ਹੀ ਪੁਲਸ ਕੰਟ੍ਰੋਲ ਰੂਮ 'ਚ ਇਸ ਗੱਲ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਨਾਈਟ ਚੈਕਿੰਗ 'ਤੇ ਤਾਇਨਾਤ ਡੀ. ਐੱਸ. ਪੀ. ਯਸ਼ਪਾਲ ਵਿਨਾਇਕ, ਪੀ. ਸੀ. ਆਰ. ਅਤੇ ਸੈਕਟਰ-17 ਥਾਣਾ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ।
ਪੁਲਸ ਨੇ ਮੌਕੇ 'ਤੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ, ਜਦੋਂਕਿ ਦੂਜਾ ਦੋਸ਼ੀ ਉਥੋਂ ਫਰਾਰ ਹੋ ਚੁੱਕਾ ਸੀ। ਪੁਲਸ ਵਲੋਂ ਕਾਬੂ ਕੀਤੇ ਦੋਸ਼ੀ ਦੀ ਪਹਿਚਾਣ ਰਾਜਿੰਦਰ ਵਜੋਂ ਹੋਈ। ਪੁਲਸ ਨੇ ਰਾਜਿੰਦਰ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰਕੇ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੇ ਉਸਦੇ ਦੂਜੇ ਸਾਥੀ ਤਰਨ ਦੀ ਗ੍ਰਿਫਤਾਰੀ ਕੀਤੇ ਜਾਣ ਨੂੰ ਲੈ ਕੇ ਉਸਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਸੋਮਵਾਰ ਸ਼ਾਮੀਂ ਪੁਲਸ ਨੇ ਮਾਮਲੇ 'ਚ ਦੂਜੇ ਦੋਸ਼ੀ ਤਰਨ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਰਾਜਿੰਦਰ ਨੇ ਬੀ. ਟੈੱਕ. ਕੀਤੀ ਹੈ ਅਤੇ ਆਪਣਾ ਫਰਨੀਚਰ ਦਾ ਕਾਰੋਬਾਰ ਕਰਦਾ ਹੈ, ਜਦਕਿ ਤਰਨ ਨੇ ਹਾਲ ਹੀ 'ਚ ਇਲੈਕਟ੍ਰੀਕਲ ਦਾ ਡਿਪਲੋਮਾ ਪੂਰਾ ਕੀਤਾ ਹੈ।