ਜੰਮੂ-ਕਸ਼ਮੀਰ ਤੋਂ ਹੈਰੋਇਨ ਲਿਆਉਣ ਵਾਲੇ ਡਰਾਇਵਰ ਸਮੇਤ 2 ਗ੍ਰਿਫਤਾਰ

09/09/2021 12:58:22 AM

ਅੰਮ੍ਰਿਤਸਰ(ਸੰਜੀਵ)- ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਤੋਂ ਹੈਰੋਇਨ ਦੀ ਖੇਪ ਲਿਆਉਣ ਵਾਲੇ ਡਰਾਇਵਰ ਅਮਨਦੀਪ ਸਿੰਘ ਅਤੇ ਉਸਦੇ ਸਾਥੀ ਦਵਿੰਦਰ ਕੁਮਾਰ ਨੂੰ ਅੱਜ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਛੇਹਰਟਾ ਤੋਂ ਗ੍ਰਿਫਤਾਰ ਕੀਤਾ । ਅਮਨਦੀਪ ਪਿਛਲੇ ਲੰਬੇ ਸਮੇਂ ਤੋਂ ਫਰੀਦਕੋਟ ਜ਼ੇਲ ’ਚ ਬੈਠਾ ਨਾਮਵਰ ਹੈਰੋਇਨ ਸਮੱਗਲਰ ਰਣਜੀਤ ਸਿੰਘ ਰਾਣਾ ਲਈ ਕੰਮ ਕਰ ਰਿਹਾ ਸੀ ਅਤੇ ਨੌਸ਼ਹਿਰਾ ਸੈਕਟਰ ਤੋਂ ਆਪਣੀ ਟੈਕਸੀ ’ਚ ਪੰਜਾਬ ’ਚ ਹੈਰੋਇਨ ਦੀ ਖੇਪ ਵੀ ਲਿਆ ਚੁੱਕਿਆ ਹੈ। ਦੋਨਾਂ ਮੁਲਜ਼ਮਾਂ ਨੂੰ ਦਿਹਾਤੀ ਪੁਲਸ ਵਲੋਂ ਕੱਲ੍ਹ ਮਾਣਯੋਗ ਅਦਾਲਤ ’ਚ ਪੇਸ਼ ਕਰਨ ਦੇ ਬਾਅਦ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ । 

ਇਹ ਵੀ ਪੜ੍ਹੋ : ਫੁੱਟ-ਫੁੱਟ ਕੇ ਸਰਕਾਰ ਨੂੰ ਰੋਣ ਲੱਗੀ ਔਰਤ ਅਤੇ ਟੁੱਟੀਆਂ ਬਾਹਾਂ ਨਾਲ ਧਰਨੇ ’ਚ ਡਟਿਆ ਕਿਸਾਨ (ਵੀਡੀਓ)
ਹੈਰੋਇਨ ਸਮੱਗਲਿੰਗ ਅਤੇ ਟੇਰਰ ਫ਼ੰਡਿੰਗ ਦੇ ਇਸ ਮਾਮਲੇ ’ਚ ਦਿਹਾਤੀ ਪੁਲਸ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ । ਜਿਨ੍ਹਾਂ ’ਚ ਨੌਸ਼ਹਿਰਾ ਸੈਕਟਰ ਤੋਂ ਲਿਆਏ ਗਏ ਜਫਰ-ਇਕਬਾਲ ਅਤੇ ਸਿਕੰਦਰ ਵੀ ਸ਼ਾਮਿਲ ਹੈ । ਇਹ ਦੋਵੇਂ ਕਸ਼ਮੀਰੀ ਪੁਲਸ ਦੇ ਕੋਲ ਰਿਮਾਂਡ ’ਤੇ ਚੱਲ ਰਹੇ ਹਨ, ਜਿਨ੍ਹਾਂ ਤੋਂ ਕਈ ਵੱਡੇ ਖੁਲਾਸੇ ਵੀ ਹੋ ਰਹੇ ਹਨ । 

ਗ੍ਰਿਫਤਾਰ ਅਮਨਦੀਪ ਕਿੰਨੇ ਚੱਕਰ ਲਗਾ ਚੁੱਕਿਆ ਹੈ ਨੌਸ਼ਹਿਰਾ ਦੇ ? 
ਹੈਰੋਇਨ ਦੀ ਸਮੱਗਲਿੰਗ ਲਈ ਲਗਾਤਾਰ ਗੱਡੀ ਲੈ ਕੇ ਨੌਸ਼ਹਿਰਾ ਸੈਕਟਰ ਜਾਣ ਵਾਲੇ ਅਮਨਦੀਪ ਸਿੰਘ ਤੋਂ ਹੁਣ ਪੁਲਸ ਰਿਮਾਂਡ ਦੌਰਾਨ ਇਹ ਪਤਾ ਚੱਲ ਸਕੇਗਾ ਕਿ ਉਹ ਕਿੰਨੀ ਵਾਰ ਹੈਰੋਇਨ ਦੀ ਖੇਪ ਨੂੰ ਪੰਜਾਬ ’ਚ ਲੈ ਕੇ ਆਇਆ ਅਤੇ ਉਸ ਦੇ ਬਦਲੇ ’ਚ ਉੱਥੇ ਪੈਸਾ ਛੱਡਣ ਗਿਆ । 

ਕੀ ਕਹਿਣਾ ਹੈ ਐਸ. ਐਸ. ਪੀ. ਦਿਹਾਤੀ ਦਾ?
ਇਸ ਸਬੰਧ ’ਚ ਐਸ. ਐਸ. ਪੀ. ਦਿਹਾਤੀ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਅੱਜ ਮਾਮਲੇ ਦੀ ਜਾਂਚ ਕਰ ਰਹੇ ਏ.ਸੀ.ਪੀ. ਅਭਿਮਨਿਊ ਰਾਣਾ ਵਲੋਂ 2 ਹੋਰ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸਵੇਰੇ ਅਦਾਲਤ ’ਚ ਪੇਸ਼ ਕਰਨ ਦੇ ਬਾਅਦ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ, ਜਿਸਦੇ ਬਾਅਦ ਇਸ ਗੱਲ ਦਾ ਵੀ ਖੁਲਾਸਾ ਹੋ ਸਕੇਗਾ ਕਿ ਅਮਨਦੀਪ ਨੌਸ਼ਹਿਰਾ ਸੈਕਟਰ ਤੋਂ ਕਿੰਨੀ ਹੈਰੋਇਨ ਹੁਣ ਤੱਕ ਲਿਆ ਚੁੱਕਿਆ ਹੈ ਅਤੇ ਉਸਦੀ ਸਪਲਾਈ ਕਿੱਥੇ-ਕਿੱਥੇ ਕਰ ਚੁੱਕਿਆ ਹੈ । ਇਸ ਦੇ ਇਲਾਵਾ ਇਸ ਪੂਰੇ ਨਸ਼ਾ ਰੈਕੇਟ ’ਚ ਜੁੜੇ ਹੋਰ ਮੁਲਜ਼ਮਾਂ ਬਾਰੇ ’ਚ ਵੀ ਪੁੱਛਗਿਛ ਕੀਤੀ ਜਾਵੇਗੀ।
 


Bharat Thapa

Content Editor

Related News