ਦੋ ਧਾਰਮਿਕ ਆਗੂਆਂ ਤੇ ਇਕ ਡੇਰਾ ਪੈਰੋਕਾਰ ਦੇ ਕਤਲ ਮਾਮਲੇ ''ਚ 2 ਗ੍ਰਿਫਤਾਰ
Thursday, Aug 03, 2017 - 06:34 AM (IST)

ਚੰਡੀਗੜ੍ਹ - ਪੰਜਾਬ ਪੁਲਸ ਨੇ ਅਸ਼ੋਕ ਕੁਮਾਰ ਵੋਹਰਾ ਉਰਫ ਅਮਨਾ ਸੇਠ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਨਾਂ ਦੇ ਦੋ ਗਰਮ ਖਿਆਲੀਆਂ ਨੂੰ ਗ੍ਰਿਫਤਾਰ ਕਰ ਕੇ ਦੋ ਧਾਰਮਿਕ ਆਗੂਆਂ ਪਾਰਸ ਮਨੀ ਤੇ ਬਾਬਾ ਲੱਖਾ ਸਿੰਘ ਅਤੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਗੁਰਦੇਵ ਸਿੰਘ ਦੀਆਂ ਹੱਤਿਆਵਾਂ ਦੇ ਲੰਮੇ ਸਮੇਂ ਤੋਂ ਲੰਬਿਤ ਪਏ ਮਾਮਲਿਆਂ ਨੂੰ ਹੱਲ ਕਰ ਲਿਆ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਇਨ੍ਹਾਂ ਦੋਵਾਂ ਨੂੰ ਪੰਜਾਬ ਪੁਲਸ ਦੀ ਖੁਫੀਆ ਟੀਮ ਨੇ ਬੁੱਧਵਾਰ ਨੂੰ ਸੋਢੀ ਨਗਰ ਨੇੜੇ ਪੁਲਸ ਨਾਕੇ ਤੋਂ ਗ੍ਰਿਫਤਾਰ ਕੀਤਾ। ਇਨ੍ਹਾਂ ਕੋਲੋਂ ਇਕ 32 ਬੋਰ ਰਿਵਾਲਵਰ ਅਤੇ ਇਕ ਮੋਟਰਸਾਈਕਲ ਤੋਂ ਇਲਾਵਾ ਕੁਝ ਗਰਮ ਖਿਆਲੀ ਸਾਹਿਤ ਅਤੇ ਲਿਖਤਾਂ ਪ੍ਰਾਪਤ ਹੋਈਆਂ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਦੋਵੇਂ ਤਿੰਨ ਹੱਤਿਆਵਾਂ ਲਈ ਲੋੜੀਂਦੇ ਸਨ, ਜੋ ਕਿ ਸਾਲ 2014 ਅਤੇ 2016 ਦੇ ਵਿਚਕਾਰ ਹੋਈਆਂ ਹਨ।
ਮੋਗਾ ਜ਼ਿਲੇ ਦੇ ਖੁਖਰਾਣਾ ਪਿੰਡ ਦੇ ਡੇਰਾ ਬਾਬਾ ਫਰੀਦ ਦੇ ਮੁਖੀ 29 ਸਾਲਾ ਪਾਰਸ ਮਨੀ ਨੂੰ ਜੂਨ 2014 ਵਿਚ ਗੋਲੀਆਂ ਮਾਰ ਕੇ ਇਨ੍ਹਾਂ ਨੇ ਮਾਰ ਦਿੱਤਾ ਸੀ, ਜਦਕਿ ਬਾਬਾ ਲੱਖਾ ਸਿੰਘ ਉਰਫ ਲਖਵਿੰਦਰ ਸਿੰਘ ਉਰਫ ਪਾਖੰਡੀ ਬਾਬਾ ਜੋ ਕਿ ਇਕ ਵਿਵਾਦਪੂਰਨ ਧਾਰਮਿਕ ਪ੍ਰਚਾਰਕ ਸੀ, ਦੀ ਸ਼ੱਕੀਆਂ ਵੱਲੋਂ ਰਾਜਸਥਾਨ ਜ਼ਿਲੇ ਦੇ ਹਨੂਮਾਨਗੜ੍ਹ ਵਿਖੇ 23 ਨਵੰਬਰ 2016 ਨੂੰ ਹੱਤਿਆ ਕਰ ਦਿੱਤੀ ਸੀ। ਦੋਵੇਂ ਡੇਰਾ ਸੱਚਾ ਸੌਦਾ ਦੇ ਪੈਰੋਕਾਰ 31 ਸਾਲਾ ਗੁਰਦੇਵ ਸਿੰਘ ਦੀ ਹੱਤਿਆ ਵਿਚ ਵੀ ਸ਼ਾਮਲ ਸਨ, ਜਿਸ ਦੀ 13 ਜੂਨ, 2016 ਨੂੰ ਫਰੀਦਕੋਟ ਜ਼ਿਲੇ ਦੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੱਤਿਆ ਕੀਤੀ ਗਈ ਸੀ।