2 ਸਹਾਇਕ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ’ਚ ਗੈਂਗਸਟਰ ਜੈਪਾਲ ਭੁੱਲਰ ਦੇ 2 ਸਾਥੀ ਗ੍ਰਿਫ਼ਤਾਰ

Sunday, May 30, 2021 - 01:56 AM (IST)

2 ਸਹਾਇਕ ਥਾਣੇਦਾਰਾਂ ਦੀ ਹੱਤਿਆ ਦੇ ਮਾਮਲੇ ’ਚ ਗੈਂਗਸਟਰ ਜੈਪਾਲ ਭੁੱਲਰ ਦੇ 2 ਸਾਥੀ ਗ੍ਰਿਫ਼ਤਾਰ

ਚੰਡੀਗੜ੍ਹ (ਰਮਨਜੀਤ)- ਪੰਜਾਬ ਪੁਲਸ ਨੇ 15 ਮਈ ਨੂੰ ਜਗਰਾਓਂ ਦੀ ਅਨਾਜ ਮੰਡੀ ਵਿਖੇ ਸੀ.ਆਈ.ਏ. ਦੇ ਸਹਾਇਕ ਸਬ-ਇੰਸਪੈਕਟਰਾਂ (ਏ.ਐੱਸ.ਆਈਜ਼) ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਟੀਮ ਵਲੋਂ ਗਵਾਲੀਅਰ (ਮੱਧ ਪ੍ਰਦੇਸ਼) ਕੋਲੋਂ ਡਾਬਰਾ ਰੇਲਵੇ ਸਟੇਸ਼ਨ ’ਤੋਂ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਪਹਿਚਾਣ ਮੋਗਾ ਦੇ ਪਿੰਡ ਮਾਹਲਾ ਖੁਰਦ ਨਿਵਾਸੀ ਬਲਜਿੰਦਰ ਸਿੰਘ ਉਰਫ਼ ਬੱਬੀ ਤੇ ਲੁਧਿਆਣਾ ਦੇ ਪਿੰਡ ਸਹੌਲੀ ਨਿਵਾਸੀ ਦਰਸ਼ਨ ਸਿੰਘ ਦੇ ਤੌਰ ’ਤੇ ਹੋਈ ਹੈ। ਇਨ੍ਹਾਂ ਦੋਵਾਂ ਦੇ ਨਾਲ ਪੰਜਾਬ ਪੁਲਸ ਨੇ ਇਨ੍ਹਾਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਹਰਚਰਨ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਕੋਵਿਡ ਖਿਲਾਫ਼ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਛੇਤੀ ਜਿੱਤਾਂਗੇ ਜੰਗ : ਚੁੱਘ

ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਗਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਘਟਨਾ ਵਾਲੇ ਦਿਨ ਜੈਪਾਲ ਅਤੇ ਜੱਸੀ ਨੂੰ ਸੂਬੇ ਤੋਂ ਬਾਹਰ ਸੁਰੱਖਿਅਤ ਕਿਸੇ ਟਿਕਾਣੇ ’ਤੇ ਲਿਜਾਣ ਲਈ ਬਲਜਿੰਦਰ ਜਗਰਾਓਂ ਦੀ ਅਨਾਜ ਮੰਡੀ ਵਿਚ ਆਪਣੇ ਕੈਂਟਰ ’ਤੇ ਆਇਆ, ਜਿੱਥੇ ਦਰਸ਼ਨ ਉਕਤ ਗੈਂਗਸਟਰ ਅਤੇ ਉਸਦੇ ਸਾਥੀ ਲਈ ਕੁਝ ਕੱਪੜੇ ਲੈ ਕੇ ਆਇਆ। ਸੀ.ਆਈ.ਏ. ਦੇ 2 ਏ.ਐੱਸ.ਆਈਜ਼ ਜੋ ਉਸ ਵੇਲੇ ਡਿਊਟੀ ’ਤੇ ਸਨ, ਨੂੰ ਕੈਂਟਰ ਗੱਡੀ ਵਿਚ ਨਸ਼ੀਲੇ ਪਦਾਰਥ ਵੇਖ ਕੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਡੀ.ਜੀ.ਪੀ. ਨੇ ਦੱਸਿਆ ਕਿ ਪੁਲਸ ਦਾ ਘੇਰਾ ਦੇਖ ਕੇ ਦਰਸ਼ਨ ਨੇ ਆਪਣੀ ਪਿਸਤੌਲ ਨਾਲ ਏ. ਐੱਸ.ਆਈਜ਼ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਬਾਅਦ ਵਿਚ ਜੈਪਾਲ ਅਤੇ ਜੱਸੀ ਨਾਲ ਆਈ-10 ਹੁੰਡਈ ਕਾਰ ਵਿਚ ਫਰਾਰ ਹੋ ਗਿਆ। ਜਦਕਿ ਮੁਲਜ਼ਮ ਬੱਬੀ ਕੈਂਟਰ ਗੱਡੀ ਵਿਚ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਅਤੇ ਅੱਗੇ ਕੁਝ ਦੂਰੀ ’ਤੇ ਜਾ ਕੇ ਆਪਣੇ ਸਾਥੀਆਂ ਨਾਲ ਰਲ ਗਿਆ ਅਤੇ ਫਿਰ ਸਾਰੇ ਮੁਲਜ਼ਮ ਹਰਿਆਣਾ ਅਤੇ ਰਾਜਸਥਾਨ ਵੱਲ ਨੂੰ ਨਿਕਲ ਗਏ।

ਇਹ ਵੀ ਪੜ੍ਹੋ : ਸਿੱਖ ਨੌਜਵਾਨ ਭਵਿੱਖ ਦੀਆਂ ਚੁਣੋਤੀਆਂ ਲਈ ਖੁਦ ਨੂੰ ਤਿਆਰ ਕਰਨ : ਜਥੇਦਾਰ

ਡੀ.ਜੀ.ਪੀ. ਨੇ ਦੱਸਿਆ ਕਿ ਪੜਤਾਲ ਦੌਰਾਨ ਖੁਫੀਆ ਜਾਣਕਾਰੀ ਮਿਲੀ ਸੀ ਕਿ ਸ਼ੱਕੀ ਵਿਅਕਤੀ ਮੱਧ ਪ੍ਰਦੇਸ ਦੇ ਗਵਾਲੀਅਰ ਅਤੇ ਆਸ-ਪਾਸ ਦੇ ਇਲਾਕੇ ਵਿਚ ਲੁਕੇ ਹੋ ਸਕਦੇ ਹਨ। ਇੰਸਪੈਕਟਰ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਸੰਗਠਿਤ ਅਪਰਾਧ ਰੋਕੂ ਇਕਾਈ (ਓ.ਸੀ.ਸੀ.ਯੂ.) ਦੀ ਇਕ ਟੀਮ ਨੂੰ ਅਗਲੇਰੀ ਜਾਂਚ-ਪੜਤਾਲ ਲਈ ਤੁਰੰਤ ਮੱਧ ਪ੍ਰਦੇਸ਼ ਭੇਜਿਆ ਗਿਆ। ਬੀਤੀ ਸ਼ਾਮ ਗਵਾਲੀਅਰ ਨੇੜੇ ਡਾਬਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੁਪਤਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਦੋਵਾਂ ਨੂੰ ਪਹਿਲਾਂ ਵੀ ਦੋ ਵੱਖ-ਵੱਖ ਕਤਲ ਦੇ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ।

ਡੀ.ਜੀ.ਪੀ. ਨੇ ਕਿਹਾ ਕਿ ਜੈਪਾਲ ਭੁੱਲਰ ਉਨ੍ਹਾਂ ਕੁਝ ਗੈਂਗਸਟਰਾਂ ਵਿਚੋਂ ਇਕ ਹੈ, ਜੋ ਹੁਣ ਤੱਕ ਗ੍ਰਿਫ਼ਤਾਰੀ ਤੋਂ ਬਚੇ ਹੋਏ ਹਨ। ਹਾਲਾਂਕਿ ਉਸ ਦੇ ਕਰੀਬੀ ਸਾਥੀ ਗੈਵੀ ਜਿਸ ਦੇ ਉਹ ਜ਼ਿਆਦਾ ਸਮੇਂ ਤੱਕ ਨਾਲ ਰਿਹਾ, ਨੂੰ ਪਿਛਲੇ ਮਹੀਨੇ ਪੰਜਾਬ ਪੁਲਸ ਨੇ ਜਮਸ਼ੇਦਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਗੈਵੀ ਜਲੰਧਰ ਜ਼ਿਲੇ ਵਿਚ 11 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿਚ ਲੋੜੀਂਦਾ ਸੀ।

ਇਹ ਵੀ ਪੜ੍ਹੋ : ਕੋਵਿਡ ਮਹਾਮਾਰੀ ਨੂੰ ਹਲਕੇ ਢੰਗ ਨਾਲ ਲੈਣਾ ਅਜੇ ਵੀ ਭਾਰੀ ਭੁੱਲ ਹੋਵੇਗੀ : ਅਮਰਿੰਦਰ

ਜੈਪਾਲ ਅਤੇ ਗੈਵੀ ਦੋਵਾਂ ਦੇ ਪਾਕਿਸਤਾਨ ਅਤੇ ਜੰਮੂ ਆਧਾਰਿਤ ਨਸ਼ਾ ਸਮੱਗਲਰਾਂ ਨਾਲ ਨਜ਼ਦੀਕੀ ਸਬੰਧ ਹਨ। ਉਨ੍ਹਾਂ ਦਾ ਇਕ ਹੋਰ ਸਾਥੀ ਜਸਪ੍ਰੀਤ ਉਰਫ਼ ਜੱਸੀ, ਜੋ ਜਗਰਾਓਂ ਗੋਲੀਬਾਰੀ ਤੋਂ ਬਾਅਦ ਫਰਾਰ ਹੈ, ਨੂੰ ਪਹਿਲਾਂ ਮੋਹਾਲੀ ਵਿਚ ਹੈਰੋਇਨ ਦੀ ਸਮੱਗਲਿੰਗ ਦੇ ਇਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਅਗਵਾ ਕਰਨ ਦੇ ਕੇਸ ਵਿਚ ਵੀ ਲੋੜੀਂਦਾ ਹੈ।

ਉਨ੍ਹਾਂ ਕਿਹਾ ਕਿ ਜੈਪਾਲ ਭੁੱਲਰ ਅਤੇ ਜਸਪ੍ਰੀਤ ਉਰਫ਼ ਜੱਸੀ ਬਾਬਾ ਦੀ ਗ੍ਰਿਫ਼ਤਾਰੀ ਲਈ ਕ੍ਰਮਵਾਰ 10 ਲੱਖ ਅਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।


author

Bharat Thapa

Content Editor

Related News