84 ਕਤਲੇਆਮ ਦੇ ਦੋਸ਼ੀ ਨੂੰ ਸਜ਼ਾ ਮਿਲਣ ''ਤੇ ਢੀਂਡਸਾ ਨੇ ਕੀਤਾ ਮੋਦੀ ਦਾ ਧੰਨਵਾਦ
Monday, Dec 17, 2018 - 04:50 PM (IST)
ਸੰਗਰੂਰ (ਪ੍ਰਿੰਸ)— 1984 ਦੇ ਸਿੱਖ ਕਤਲੇਆਮ 'ਤੇ ਅੱਜ ਤਕਰੀਬਨ 34 ਸਾਲ ਬਾਅਦ ਇਕ ਇਤਿਹਾਸਕ ਫੈਸਲਾ ਆਇਆ ਹੈ, ਜਿਸ ਵਿਚ ਇਸ ਕਤਲੇਆਮ ਦੇ ਦੋਸ਼ੀ ਅਤੇ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ। ਢੀਂਡਸਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਬਣਾਈ ਗਈ 'ਸਿੱਟ' ਦੇ ਕਾਰਨ ਹੀ ਇਹ ਨਤੀਜਾ ਆਇਆ ਹੈ। ਇਸ ਫੈਸਲੇ ਨਾਲ ਸਮੂਹ ਸਿੱਖ ਜਗਤ ਵਿਚ ਖੁਸ਼ੀ ਦੀ ਲਹਿਰ ਹੈ।
ਇਸ ਦੌਰਾਨ ਢੀਂਡਸਾ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਉਸ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਸ ਵਿਰੁੱਧ ਇਕ ਪੱਤਰਕਾਰ ਕੋਲ ਖੁਖਤਾ ਸਬੂਤ ਹਨ ਕਿ ਉਨ੍ਹਾਂ ਨੇ ਕਮਲਨਾਥ ਨੂੰ ਸ੍ਰੀ ਰਕਾਬਗੰਜ ਸਾਹਿਬ ਵਿਖੇ ਇਕ ਭੀੜ ਦੀ ਅਗਵਾਈ ਕਰਦੇ ਦੇਖਿਆ। ਇਥੋਂ ਤੱਕ ਕਮਲਨਾਥ ਨੇ ਵੀ ਖੁਦ ਮੰਨਿਆ ਹੈ ਕਿ ਉਹ ਉਥੇ ਸਿੱਖਾਂ ਨੂੰ ਬਚਾਉਣ ਗਏ ਸਨ। ਢੀਂਡਸਾ ਦਾ ਕਹਿਣਾ ਹੈ ਕਿ ਕਮਲਨਾਥ ਕੋਲੋਂ ਮੁੱਖ ਮੰਤਰੀ ਦਾ ਅਹੁਦਾ ਵਾਪਸ ਲੈਣਾ ਚਾਹੀਦਾ ਹੈ। ਜੇਕਰ ਕਾਂਗਰਸੀ ਸਹੀ ਤਰੀਕੇ ਨਾਲ 1984 ਦੇ ਸਿੱਖ ਕਤਲੇਆਮ ਲਈ ਸ਼ਰਮਿੰਦਾ ਹੈ ਤਾਂ ਉਸ ਨੂੰ ਬਾਕੀ ਕਾਤਲਾਂ ਨੂੰ ਸਜ਼ਾ ਦਿਵਾਉਣ ਵਿਚ ਪਹਿਲ ਕਰਨੀ ਚਾਹੀਦੀ ਹੈ।
