ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢ 19 ਸਾਲਾ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
Wednesday, Aug 07, 2024 - 11:49 AM (IST)
ਲੁਧਿਆਣਾ (ਰਾਜ)-ਲੁਧਿਆਣਾ 'ਚ ਸਰਕਿਟ ਹਾਊਸ ਦੇ ਬਾਹਰ ਮਾਮੂਲੀ ਗੱਲ ਕਰਕੇ ਹੋਈ ਬਹਿਸਬਾਜ਼ੀ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਨੌਜਵਾਨਾਂ ਨੇ ਮਿਲ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਤੇਜ਼ਧਾਰ ਹਥਿਆਰ ਮਾਰ ਕੇ ਉਸ ਨੂੰ ਇੰਝ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਮੋਹਿਤ (19) ਹੈ, ਜਦੋਂਕਿ ਉਸ ਦਾ ਦੂਜਾ ਜ਼ਖ਼ਮੀ ਦੋਸਤ ਦੀਪਕ ਹੈ। ਦੋਵੇਂ ਹੀ ਮੁਹੱਲਾ ਵਾਲਮੀਕਿ ਘਾਟੀ ਚੌਕ ਦੇ ਰਹਿਣ ਵਾਲੇ ਹਨ। ਇਸ ਮਾਮਲੇ ’ਚ ਥਾਣਾ ਪੀ. ਏ. ਯੂ. ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਦਰਜਨ ਦੇ ਕਰੀਬ ਨੌਜਵਾਨਾਂ ਖ਼ਿਲਾਫ਼ ਕਤਲ ਅਤੇ ਹੋਰਨਾਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ, ਜਿਨ੍ਹਾਂ ’ਚੋਂ ਪੁਲਸ ਨੇ 3 ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਪੀ. ਏ. ਯੂ. ਦੇ ਐੱਸ. ਐੱਚ. ਓ. ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੇਰ ਰਾਤ ਦੀ ਹੈ।
ਇਹ ਵੀ ਪੜ੍ਹੋ-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਪੁਲਸ ਸਖ਼ਤ, ਪੂਰੇ ਸੂਬੇ 'ਚ ਬੱਸ ਅੱਡਿਆਂ 'ਤੇ ਚਲਾਈ ਤਲਾਸ਼ੀ ਮੁਹਿੰਮ
ਮੋਹਿਤ, ਦੀਪਕ ਆਪਣੇ ਹੋਰਨਾਂ ਦੋਸਤਾਂ ਨਾਲ ਘਰ ਵਾਪਸ ਆ ਰਹੇ ਸਨ। ਜਦੋਂ ਉਹ ਫਿਰੋਜ਼ਪੁਰ ਰੋਡ ਸਥਿਤ ਮਹਾਰਾਜ ਨਗਰ ਦੇ ਨੇੜਿਓਂ ਹੁੰਦੇ ਹੋਏ ਜਾ ਰਹੇ ਸਨ ਤਾਂ ਉਨ੍ਹਾਂ ਦੀ ਕੁਝ ਨੌਜਵਾਨਾਂ ਨਾਲ ਕਿਸੇ ਗੱਲ ਕਰਕੇ ਤਕਰਾਰਬਾਜ਼ੀ ਹੋ ਗਈ। ਇਸ ਦੌਰਾਨ ਦੋਵੇਂ ਧਿਰਾਂ ’ਚ ਹੋਈ ਬਹਿਸ ਝਗੜੇ ’ਚ ਬਦਲ ਗਈ। ਦੂਜੀ ਧਿਰ ਦੇ ਨੌਜਵਾਨ ਮਹਾਰਾਜ ਨਗਰ ਦੇ ਰਹਿਣ ਵਾਲੇ ਸਨ, ਜੋ ਤੇਜ਼ਧਾਰ ਹਥਿਆਰ ਲੈ ਕੇ ਆ ਗਏ ਅਤੇ ਇਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ ’ਚ ਮੋਹਿਤ ਅਤੇ ਦੀਪਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਜਦੋਂਕਿ ਬਾਕੀ ਨੌਜਵਾਨ ਜਾਨ ਬਚਾਉਂਦੇ ਹੋਏ ਮੌਕੇ ਤੋਂ ਭੱਜ ਨਿਕਲੇ। ਹਮਲੇ ’ਚ ਜ਼ਖ਼ਮੀ ਮੋਹਿਤ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਸੀ ਕਿਉਂਕਿ ਉਸ ਦੇ ਸਿਰ ’ਤੇ ਡੂੰਘਾ ਜ਼ਖ਼ਮ ਹੋ ਗਿਆ ਸੀ। ਸੂਚਨਾ ਤੋਂ ਬਾਅਦ ਪੁਲਸ ਪਾਰਟੀ ਮੌਕੇ ’ਤੇ ਪੁੱਜੀ। ਪੁਲਸ ਨੇ ਤੁਰੰਤ ਲੋਕਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ। ਇਸ ਲਈ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਿੱਥੇ ਸੋਮਵਾਰ ਰਾਤ ਮੋਹਿਤ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ 872 ਦਿਨਾਂ ਦੇ ਕਾਰਜਕਾਲ 'ਚ 44,250 ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ: ਭਗਵੰਤ ਮਾਨ
ਐੱਸ. ਐੱਚ. ਓ. ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਪਹਿਲਾਂ ਇਕ ਦਰਜਨ ਦੇ ਕਰੀਬ ਨੌਜਵਾਨਾਂ ’ਤੇ ਕਤਲ ਅਤੇ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਸੀ। ਹੁਣ ਨੌਜਵਾਨ ਦੀ ਮੌਤ ਤੋਂ ਬਾਅਦ ਕਤਲ ਦੀ ਧਾਰਾ ਜੋੜੀ ਗਈ ਹੈ। ਇਸ ਮਾਮਲੇ ’ਚ ਪੁਲਸ ਨੇ ਛਾਪੇਮਾਰੀ ਕਰਕੇ ਮੁਲਜ਼ਮ ਸੂਰਜ, ਸਾਗਰ ਉਰਫ਼ ਸੰਨੀ ਅਤੇ ਅਭਿਸ਼ੇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਧਰ, ਦੂਜੇ ਪਾਸੇ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਮਾਲ ਗੱਡੀ 'ਤੇ ਚੜ੍ਹ ਕੇ ਰੀਲ ਬਣਾਉਂਦੇ ਵਿਦਿਆਰਥੀ ਨਾਲ ਵਾਪਰਿਆ ਹਾਦਸਾ, ਆਇਆ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ