ਜੇਲ ''ਚੋਂ ਜ਼ਮਾਨਤ ''ਤੇ ਆਈ 19 ਸਾਲਾ ਬਲਵੰਤ ਕੌਰ ਕੋਲੋਂ 52 ਗ੍ਰਾਮ ਹੈਰੋਇਨ ਫੜੀ

Friday, Jun 15, 2018 - 07:13 AM (IST)

ਜੇਲ ''ਚੋਂ ਜ਼ਮਾਨਤ ''ਤੇ ਆਈ 19 ਸਾਲਾ ਬਲਵੰਤ ਕੌਰ ਕੋਲੋਂ 52 ਗ੍ਰਾਮ ਹੈਰੋਇਨ ਫੜੀ

ਜਲੰਧਰ, (ਮਹੇਸ਼)— ਐੱਸ. ਟੀ. ਐੱਫ. ਦੇ ਇੰਸਪੈਕਟਰ ਰਾਮਪਾਲ ਅਤੇ ਥਾਣਾ ਪਤਾਰਾ ਮੁਖੀ ਸਤਪਾਲ ਸਿੱਧੂ ਨੇ ਜੇਲ ਵਿਚੋਂ ਜ਼ਮਾਨਤ 'ਤੇ ਆਈ 19 ਸਾਲਾ ਇਕ ਲੜਕੀ ਕੋਲੋਂ 52 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ ਅਧੀਨ ਆਉਂਦੇ ਅੱਡਾ ਪੂਰਨਪੁਰ ਵਿਚ ਇੰਸ. ਰਾਮਪਾਲ ਨੇ ਥਾਣਾ ਪਤਾਰਾ ਦੀ ਪੁਲਸ ਸਣੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸਕੂਟਰੀ 'ਤੇ ਸਵਾਰ ਇਕ ਲੜਕੀ ਨੂੰ ਚੈਕਿੰਗ ਲਈ ਰੋਕਿਆ ਗਿਆ, ਜਿਸ ਨੇ ਆਪਣਾ ਨਾਂ ਬਲਵੰਤ ਕੌਰ ਪੁੱਤਰੀ ਸੁਰਿੰਦਰ ਸਿੰਘ ਵਾਸੀ ਪਿੰਡ ਬੋਹਾਨੀ ਥਾਣਾ ਰਾਵਲਪਿੰਡੀ ਜ਼ਿਲਾ ਕਪੂਰਥਲਾ ਦੱਸਿਆ। ਏ. ਐੱਸ. ਆਈ. ਜੋਗਿੰਦਰ ਸਿੰਘ ਦੀ ਦੇਖ-ਰੇਖ ਵਿਚ ਲੇਡੀ ਕਾਂਸਟੇਬਲ ਅਮਨਪ੍ਰੀਤ ਕੌਰ ਨੇ ਬਲਵੰਤ ਕੌਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਉਕਤ ਹੈਰੋਇਨ ਬਰਾਮਦ ਹੋਈ। ਇੰਸ. ਰਾਮਪਾਲ ਨੇ ਦੱਸਿਆ ਕਿ ਫੜੀ ਗਈ ਲੜਕੀ 12ਵੀਂ ਪਾਸ ਹੈ ਅਤੇ ਮੌਜੂਦਾ ਸਮੇਂ ਵਿਚ ਉਹ ਥਾਣਾ ਰਾਮਾਮੰਡੀ ਦੇ ਅਧੀਨ ਪੈਂਦੇ ਇਲਾਕੇ ਸੈਨਿਕ ਵਿਹਾਰ ਗਲੀ ਨੰਬਰ 4 ਵਿਚ ਰਹਿੰਦੀ ਹੈ। ਉਸਦੇ ਬਾਰੇ ਐੱਸ. ਟੀ. ਐੱਫ. ਨੂੰ ਸੂਚਨਾ ਮਿਲੀ ਸੀ ਕਿ ਉਹ ਆਪਣੇ ਜੱਦੀ ਪਿੰਡ ਬੋਹਾਨੀ ਵੱਲ ਹੈਰੋਇਨ ਸਪਲਾਈ ਕਰਨ ਜਾ ਰਹੀ ਹੈ, ਜਿਸ ਨੂੰ ਉਸਦੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਹੀ ਦਬੋਚ ਲਿਆ ਗਿਆ। ਬਲਵੰਤ ਕੌਰ ਦੇ ਖਿਲਾਫ ਥਾਣਾ ਪਤਾਰਾ/ਆਦਮਪੁਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ। ਪੁਲਸ ਇਹ ਵੀ ਪਤਾ ਲਗਾ ਰਹੀ ਹੈ ਕਿ ਬਲਵੰਤ ਕੌਰ ਕਿਸ ਨੂੰ ਹੈਰੋਇਨ ਸਪਲਾਈ ਕਰਨ ਜਾ ਰਹੀ ਸੀ।
ਧਰਮਕੋਟ ਤੋਂ ਲਿਆਉਂਦੀ ਸੀ ਹੈਰੋਇਨ
ਐੱਸ. ਟੀ.ਐੱਫ. ਵਲੋਂ ਫੜੀ ਗਈ ਬਲਵੰਤ ਕੌਰ ਧਰਮਕੋਟ (ਮੋਗਾ) ਤੋਂ ਹੈਰੋਇਨ ਲੈ ਕੇ ਆਉਂਦੀ ਸੀ। ਇੰਸ. ਰਾਮਪਾਲ ਨੇ ਦੱਸਿਆ ਕਿ ਬਲਵੰਤ ਕੌਰ ਕੋਲੋਂ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਧਰਮਕੋਟ ਦੇ ਅੱਡੇ 'ਤੇ ਉਸਨੂੰ ਕੋਈ ਹੈਰੋਇਨ ਦੇ ਕੇ ਜਾਂਦਾ ਸੀ, ਜਿਸ ਦੀ ਭਾਲ ਵਿਚ ਪੁਲਸ ਪਾਰਟੀ ਧਰਮਕੋਟ ਵਿਚ ਸ਼ੱਕੀ ਥਾਵਾਂ 'ਤੇ ਰੇਡ ਕਰ ਰਹੀ ਹੈ।
ਤਿੰਨਾਂ ਭੈਣਾਂ ਕੋਲੋਂ ਬਰਾਮਦ ਹੋਇਆ ਸੀ ਨਸ਼ੇ ਵਾਲਾ ਪਾਊਡਰ
ਬਲਵੰਤ ਕੌਰ ਸਣੇ ਉਸ ਦੀਆਂ 2 ਵੱਡੀਆਂ ਭੈਣਾਂ ਰਣਜੀਤ (24) ਤੇ ਦਮਨ (21) ਨਸ਼ਾ ਸਮੱਗਲਿੰਗ ਕਰਦੀਆਂ ਹਨ। ਤਿੰਨਾਂ 'ਤੇ ਪਿਛਲੇ ਸਾਲ ਥਾਣਾ ਰਾਮਾਮੰਡੀ ਦੀ ਪੁਲਸ ਨੇ 80 ਗ੍ਰਾਮ ਨਸ਼ੇ ਵਾਲੇ ਪਾਊਡਰ ਦੀ ਬਰਾਮਦਗੀ ਨੂੰ ਲੈ ਕੇ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਕੀਤਾ ਸੀ। ਤਿੰਨੇ ਹੀ ਇਸ ਮਾਮਲੇ ਵਿਚ ਜੇਲ ਜਾ ਚੁੱਕੀਆਂ ਹਨ ਤੇ ਜ਼ਮਾਨਤ 'ਤੇ ਬਾਹਰ ਹਨ। 


Related News