ਈ. ਐੱਸ. ਆਈ. ਹਸਪਤਾਲਾਂ ''ਚ 185 ਅਸਾਮੀਆਂ ਭਰਨ ਦੀ ਮਨਜ਼ੂਰੀ

Tuesday, Dec 04, 2018 - 10:02 AM (IST)

ਈ. ਐੱਸ. ਆਈ. ਹਸਪਤਾਲਾਂ ''ਚ 185 ਅਸਾਮੀਆਂ ਭਰਨ ਦੀ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਬੀਤੇ ਦਿਨ ਈ. ਐੱਸ. ਆਈ. ਆਈ. ਹਸਪਤਾਲਾਂ ਅਤੇ ਡਿਸਪੈਂਸਰੀਆਂ 'ਚ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦੀਆਂ ਖਾਲੀਆਂ ਪਈਆਂ 185 ਅਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦੇਣ ਸਮੇਤ ਵੱਖ-ਵੱਖ ਵਿਭਾਗਾਂ ਵਿੱਚ ਕਾਡਰਾਂ ਅਤੇ ਮੁਲਾਜ਼ਮਾਂ ਨਾਲ ਸਬੰਧਤ ਕਈ ਫੈਸਲਿਆਂ 'ਤੇ ਮੋਹਰ ਲਾਈ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਖਾਲੀਆਂ ਅਸਾਮੀਆਂ ਭਰਨ ਨਾਲ ਸੂਬੇ 'ਚ ਇੰਪਲਾਈਜ਼ ਸਟੇਟ ਇੰਸ਼ੋਰੈਂਸ (ਈ.ਐਸ.ਆਈ.) ਸਕੀਮ ਤਹਿਤ ਆਉਂਦੇ ਲਗਭਗ 12.92 ਲੱਖ ਵਿਅਕਤੀਆਂ ਲਈ ਬਿਹਤਰੀਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ 'ਚ ਸਹਾਇਤਾ ਮਿਲੇਗੀ।
ਬੁਲਾਰੇ ਨੇ ਦੱਸਿਆ ਕਿ 55 ਡਾਕਟਰਾਂ ਅਤੇ 130 ਪੈਰਾ ਮੈਡੀਕਲ ਸਟਾਫ ਦੀਆਂ ਖਾਲੀ ਅਸਾਮੀਆਂ ਉਦੋਂ ਤੱਕ ਠੇਕੇ ਦੇ ਆਧਾਰ 'ਤੇ ਭਰੀਆਂ ਜਾਣਗੀਆਂ, ਜਦੋਂ ਤੱਕ ਰੈਗੂਲਰ ਭਰਤੀ ਨਹੀਂ ਕੀਤੀ ਜਾਂਦੀ। ਇਸ ਫੈਸਲੇ ਨਾਲ ਸਿਹਤ ਵਿਭਾਗ ਈ. ਐਸ. ਆਈ. ਅਤੇ ਡਿਸਪੈਂਸਰੀਆਂ 'ਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਅਸਾਮੀਆਂ 'ਤੇ 100 ਫੀਸਦੀ ਭਰਤੀ ਕਰ ਲਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਨਾਂ 185 ਅਸਾਮੀਆਂ ਨੂੰ ਭਰਨ ਲਈ ਸਾਲਾਨਾ ਕੁਲ 3.96 ਕਰੋੜ ਰੁਪਏ ਦਾ ਵਿੱਤੀ ਬੋਝ ਬਣਦਾ ਹੈ ਜਿਸ ਵਿੱਚੋਂ ਸੂਬੇ ਨੇ 0.50 ਕਰੋੜ ਰੁਪਏ ਜਦਕਿ ਬਾਕੀ 3.46 ਕਰੋੜ ਰੁਪਏ ਭਾਰਤ ਸਰਕਾਰ ਦੇ ਅਦਾਰੇ ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ, ਨਵੀਂ ਦਿੱਲੀ ਵੱਲੋਂ ਦਿੱਤੇ ਜਾਣਗੇ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਸੂਬੇ 'ਚ 6 ਈ. ਐਸ. ਆਈ. ਹਸਪਤਾਲ ਤੇ 69 ਡਿਸਪੈਂਸਰੀਆਂ ਚਲਾਉਣ ਦਾ ਕੰਮ ਸੌਂਪਿਆ ਗਿਆ ਹੈ। ਸਿਹਤ ਵਿਭਾਗ ਦੀ ਜ਼ਿੰਮੇਵਾਰੀ ਇਨ੍ਹਾਂ ਅਦਾਰਿਆਂ ਨੂੰ ਮਾਨਵੀ ਸ਼ਕਤੀ ਉਪਲਬਧ ਕਰਵਾਉਣ ਅਤੇ ਬੀਮਾ ਵਰਕਰਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣਾ ਹੈ।


author

Babita

Content Editor

Related News