ਡੇਰਾਬੱਸੀ ''ਚ 18 ਸਾਲਾ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Thursday, Aug 27, 2026 - 09:34 AM (IST)
ਡੇਰਾਬੱਸੀ (ਅਨਿਲ ਸ਼ਰਮਾ) : ਡੇਰਾਬੱਸੀ 'ਚ ਐੱਸ. ਐੱਸ. ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਪੰਜਾਬ ਫੈਸ਼ਨ ਰੈਡੀਮੇਡ ਸ਼ਾਪ ’ਤੇ ਕੰਮ ਕਰਨ ਵਾਲੇ 18 ਸਾਲਾ ਨੌਜਵਾਨ ਆਦਿਲ ਖਾਨ ਪੁੱਤਰ ਸਲੀਮ ਖਾਨ ’ਤੇ ਬੁੱਧਵਾਰ ਰਾਤ ਕਰੀਬ 8:30 ਵਜੇ ਅੱਧੀ ਦਰਜਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਆਦਿਲ ਦੇ ਦੋਵੇਂ ਹੱਥਾਂ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਸਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਵੀ ਕੱਟ ਗਈਆਂ। ਗੰਭੀਰ ਹਾਲਤ ਦੇ ਚੱਲਦਿਆਂ ਉਸਨੂੰ ਪਹਿਲਾਂ ਡੇਰਾਬੱਸੀ ਅਤੇ ਫਿਰ ਸੈਕਟਰ-32 ਹਸਪਤਾਲ ਤੋਂ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਆਦਿਲ ਐੱਸ. ਐੱਸ. ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਸਥਿਤ ਪੰਜਾਬ ਫੈਸ਼ਨ ਰੈਡੀਮੇਡ ਸ਼ਾਪ ’ਤੇ ਕੰਮ ਕਰਦਾ ਹੈ। ਬੁੱਧਵਾਰ ਰਾਤ ਕਰੀਬ 8:30 ਵਜੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਕਰੀਬ ਅੱਧੀ ਦਰਜਨ ਨੌਜਵਾਨਾਂ ਨੇ ਉਸ ’ਤੇ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸਦੇ ਸਿਰ ਅਤੇ ਦੋਵੇਂ ਹੱਥਾਂ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਕੇ ਸੜਕ ’ਤੇ ਡਿੱਗ ਪਿਆ। ਹਮਲੇ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਨੇ ਜ਼ਖਮੀ ਆਦਿਲ ਨੂੰ ਤੁਰੰਤ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਆਦਿਲ ਦੇ ਚਾਚਾ ਆਮਿਰ ਖਾਨ ਨੇ ਦੱਸਿਆ ਕਿ ਹਮਲੇ 'ਚ ਉਸਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਕੱਟ ਗਈਆਂ ਅਤੇ ਸਿਰ ’ਤੇ ਵੀ ਗੰਭੀਰ ਸੱਟ ਲੱਗੀ ਹੈ। ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦਿਆਂ ਉਸਨੂੰ ਸੈਕਟਰ-32 ਹਸਪਤਾਲ ਰੈਫ਼ਰ ਕਰ ਦਿੱਤਾ।
ਪਰਿਵਾਰਕ ਮੈਂਬਰਾਂ ਮੁਤਾਬਕ ਸੈਕਟਰ-32 ਹਸਪਤਾਲ 'ਚ ਵੀ ਡਾਕਟਰਾਂ ਨੇ ਆਦਿਲ ਦੀ ਹਾਲਤ ਗੰਭੀਰ ਦੱਸੀ ਅਤੇ ਬਿਹਤਰ ਇਲਾਜ ਲਈ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਫਿਲਹਾਲ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਸ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਭਾਲ 'ਚ ਜੁੱਟੀ ਹੋਈ ਹੈ। ਹਮਲਾ ਕਿਸ ਕਾਰਨ ਕੀਤਾ ਗਿਆ ਅਤੇ ਹਮਲਾਵਰਾਂ ਦੀ ਪਛਾਣ ਕੀ ਹੈ, ਇਸ ਬਾਰੇ ਅਜੇ ਕੋਈ ਖ਼ੁਲਾਸਾ ਨਹੀਂ ਹੋਇਆ ਹੈ।
