ਇੰਸ਼ੋਰੈਂਸ ਦੇ ਰੁਪਏ ਡਬਲ ਕਰਨ ਦੇ ਨਾਂ ''ਤੇ ਠੱਗੇ 18.68 ਲੱਖ

01/23/2018 7:33:02 AM

ਚੰਡੀਗੜ੍ਹ, (ਸੁਸ਼ੀਲ)- ਪੰਜਾਬ ਯੂਨੀਵਰਸਿਟੀ ਦੇ ਸੀਨੀਅਰ ਟੈਕਨੀਕਲ ਡਿਪਾਰਟਮੈਂਟ ਦੇ ਕਰਮਚਾਰੀ ਨੂੰ ਇੰਸ਼ੋਰੈਂਸ 'ਚ ਦੁੱਗਣੇ ਰੁਪਏ ਕਰਨ ਦੇ ਨਾਂ 'ਤੇ ਏਜੰਟਾਂ ਨੇ 18 ਲੱਖ 68 ਹਜ਼ਾਰ ਰੁਪਏ ਦੀ ਠੱਗੀ ਕਰ ਲਈ। ਮੁਲਜ਼ਮ ਪੀ. ਯੂ. ਕਰਮਚਾਰੀ ਰਾਮਦਾਸ ਠਾਕੁਰ ਨੂੰ ਦੁੱਗਣੇ ਰੁਪਏ ਕਰਨ ਦਾ ਝਾਂਸਾ ਦੇ ਕੇ ਬੈਂਕ ਐਕਾਊਂਟ 'ਚ ਰੁਪਏ ਜਮ੍ਹਾ ਕਰਵਾਉਂਦੇ ਰਹੇ। ਇੰਸ਼ੋਰੈਂਸ ਦਾ ਸਮਾਂ ਪੂਰਾ ਹੋਣ 'ਤੇ ਜਦੋਂ ਰਾਮਦਾਸ ਠਾਕੁਰ ਨੂੰ ਪੈਸੇ ਨਹੀਂ ਮਿਲੇ ਤਾਂ ਉਨ੍ਹਾਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਠੱਗੀ ਕਰਨ ਵਾਲੇ ਵਿਜੇ ਕੁਮਾਰ ਸਮੇਤ ਹੋਰਨਾਂ ਖਿਲਾਫ ਸੈਕਟਰ-11 ਥਾਣੇ 'ਚ ਧੋਖਾਦੇਹੀ ਅਤੇ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ।
ਪੰਜਾਬ ਯੂਨੀਵਰਸਿਟੀ ਦੇ ਸੀਨੀਅਰ ਟੈਕਨੀਕਲ ਡਿਪਾਰਟਮੈਂਟ ਦੇ ਰਾਮਦਾਸ ਠਾਕੁਰ ਨੇ ਦੱਸਿਆ ਕਿ 2016 'ਚ ਵਿਜੇ ਕੁਮਾਰ ਨੇ ਫੋਨ ਕਰਕੇ ਇੰਸ਼ੋਰੈਂਸ ਕਰਵਾਉਣ ਲਈ ਕਿਹਾ। ਵਿਜੇ ਨੇ ਉਨ੍ਹਾਂ ਨੂੰ ਕਿਹਾ ਕਿ 3 ਸਾਲ 'ਚ ਰੁਪਏ ਦੁੱਗਣੇ ਕਰ ਦੇਵੇਗਾ, ਉਸ ਦੇ ਕੋਲ ਬਹੁਤ ਵਧੀਆ ਪਲਾਨ ਹੈ। ਰਾਮਦਾਸ ਠਾਕੁਰ ਨੇ 2 ਲੱਖ ਰੁਪਏ ਵਿਜੇ ਕੁਮਾਰ ਦੇ ਐਕਾਊਂਟ 'ਚ ਜਮ੍ਹਾ ਕਰਵਾ ਦਿੱਤੇ। ਇਸਦੇ ਬਾਅਦ ਵਿਜੇ ਨੇ ਦੁਬਾਰਾ ਫੋਨ ਕਰਕੇ ਇੰਸ਼ੋਰੈਂਸ ਕਰਵਾਉਣ ਲਈ ਕਿਹਾ। ਇਸ ਦੌਰਾਨ ਵਿਜੇ ਕੁਮਾਰ ਨੇ ਆਪਣੇ ਗਿਰੋਹ ਦੇ ਮੈਂਬਰਾਂ ਤੋਂ ਇੰਸ਼ੋਰੈਂਸ ਕਰਨ ਲਈ ਰਾਮਦਾਸ ਠਾਕੁਰ ਨੂੰ ਫੋਨ ਕਰਵਾ ਕੇ ਡਬਲ ਰੁਪਏ ਕਰਨ ਦਾ ਝਾਂਸਾ ਦਿਵਾਇਆ। ਬਾਅਦ 'ਚ ਵਿਜੇ ਕੁਮਾਰ ਨੇ ਰਾਮਦਾਸ ਨੂੰ ਫੋਨ ਕੀਤਾ। 
ਵਿਜੇ ਦੇ ਕਹਿਣ 'ਤੇ ਉਨ੍ਹਾਂ ਨੇ ਇੰਸ਼ੋਰੈਂਸ 'ਚ ਡਬਲ ਰੁਪਏ ਕਰਨ ਲਈ ਕੁੱਲ 18 ਲੱਖ 68 ਹਜ਼ਾਰ ਐਕਾਊਂਟ 'ਚ ਜਮ੍ਹਾ ਕਰਵਾ ਦਿੱਤੇ। ਰੁਪਏ ਐਕਾਊਂਟ 'ਚ ਆਉਣ ਦੇ ਬਾਅਦ ਵਿਜੇ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਰਾਮਦਾਸ ਠਾਕੁਰ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਵਿਜੇ ਸਮੇਤ ਹੋਰਨਾਂ ਖਿਲਾਫ ਸੈਕਟਰ-11 ਥਾਣੇ 'ਚ ਮਾਮਲਾ ਦਰਜ ਕਰਵਾ ਦਿੱਤਾ। ਸਾਈਬਰ ਸੈੱਲ ਦੇ ਇੰਚਾਰਜ ਹਰਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇੰਸ਼ੋਰੈਂਸ ਦੇ ਨਾਂ 'ਤੇ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਛੇਤੀ ਹੀ ਪੁਲਸ ਵਲੋਂ ਕਾਬੂ ਕਰ ਲਿਆ ਜਾਵੇਗਾ।


Related News