ਕੋਵਿਡ ਟੈਸਟਿੰਗ ''ਚ 17 ਪੁਲਸ ਕਰਮਚਾਰੀਆਂ ਦੇ ਟੈਸਟ ਪਾਏ ਗਏ ਪਾਜ਼ੇਟਿਵ

Saturday, Jun 13, 2020 - 09:12 PM (IST)

ਚੰਡੀਗੜ੍ਹ,(ਰਮਨਜੀਤ)- ਸੂਬੇ 'ਚ ਕਰਫਿਊ 'ਚ ਢਿੱਲ ਦੇਣ ਬਾਅਦ ਕੋਵਿਡ-19 ਦੇ ਮਾਮਲਿਆਂ 'ਚ ਤੇਜ਼ੀ ਆਉਣ ਦੇ ਖਦਸ਼ੇ ਦੇ ਮੱਦੇਨਜ਼ਰ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਇਕ ਵਿਸ਼ੇਸ਼ ਆਰ.ਟੀ.-ਪੀ.ਸੀ.ਆਰ. ਕੋਵਿਡ ਟੈਸਟਿੰਗ ਮੁਹਿੰਮ ਦੇ ਇਕ ਹਿੱਸੇ ਵਜੋਂ, ਪੁਲਸ ਥਾਣਿਆਂ ਅਤੇ ਮੋਹਰਲੀ ਕਤਾਰ 'ਤੇ ਤਾਇਨਾਤ 7165 ਪੁਲਸ ਕਰਮਚਾਰੀਆਂ 'ਚੋਂ 17 ਕਰਮਚਾਰੀਆਂ ਦੇ ਟੈਸਟ ਪਾਜ਼ੇਟਿਵ ਪਾਏ ਗਏ। ਸੂਬਾ ਪੱਧਰੀ ਕਰਫਿਊ/ਤਾਲਾਬੰਦੀ ਦੌਰਾਨ ਪਿਛਲੇ 3 ਮਹੀਨਿਆਂ ਤੋਂ ਲਗਭਗ 48000 ਪੰਜਾਬ ਪੁਲਸ ਮੁਲਾਜ਼ਮ 24/7 ਮੋਹਰਲੀ ਕਤਾਰ 'ਤੇ ਕੰਮ ਕਰ ਰਹੇ ਹਨ। ਗੁਪਤਾ ਨੇ ਕਿਹਾ ਕਿ ਸੂਬੇ ਦੇ ਔਸਤਨ 2% ਪਾਜ਼ੇਟਿਵ ਮਾਮਲਿਆਂ ਦੀ ਤੁਲਨਾ 'ਚ ਪੁਲਸ ਫੋਰਸ ਦੇ ਕੁੱਲ ਨਮੂਨਿਆਂ ਦੇ ਲਗਭਗ 0.9% ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਦੀ ਆਮ ਜਨਸੰਖਿਆ ਦੀ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਨਾਗਰਿਕਾਂ ਦਾ ਟੈਸਟ ਆਮ ਤੌਰ 'ਤੇ ਲੱਛਣ ਵਾਲੇ ਵਿਅਕਤੀਆਂ ਜਾਂ ਉਨ੍ਹਾਂ ਦੇ ਮੁੱਢਲੇ ਜਾਂ ਹੋਰ ਸੰਪਰਕਾਂ ਕਾਰਨ ਕੀਤਾ ਜਾਂਦਾ ਹੈ, ਇਸ ਦੇ ਉਲਟ, ਪੰਜਾਬ ਪੁਲਸ ਦੇ ਕਰਮਚਾਰੀਆਂ ਦੇ ਨਮੂਨੇ ਬੇਤਰਤੀਬੇ ਢੰਗ ਨਾਲ ਲਏ ਗਏ। ਡੀ.ਜੀ.ਪੀ. ਨੇ ਦੱਸਿਆ ਕਿ 17 ਪਾਜ਼ੇਟਿਵ ਮਾਮਲਿਆਂ 'ਚੋਂ 14 ਜ਼ਿਲਾ ਪੁਲਸ ਨਾਲ ਸਬੰਧਤ ਹਨ, 2 (ਇਕ ਰਸੋਈਏ ਸਮੇਤ) ਸਟੇਟ ਆਰਮਡ ਪੁਲਸ/ਇੰਡੀਅਨ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਅਤੇ ਇਕ ਪੰਜਾਬ ਹੋਮ ਗਾਰਡਜ਼ (ਪੀ.ਐੱਚ.ਜੀ.) ਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੰਗਰੂਰ 'ਚ ਸਭ ਤੋਂ ਵੱਧ ਸਕਾਰਾਤਮਕ ਕੇਸ ਸਾਹਮਣੇ ਆਏ ਹਨ।

ਗੁਪਤਾ ਨੇ ਕਿਹਾ ਕਿ 12 ਜੂਨ ਤੱਕ ਇਕੱਠੇ ਕੀਤੇ 7165 ਨਮੂਨਿਆਂ 'ਚੋਂ 1868 ਟੈਸਟ ਨੈਗੇਟਿਵ ਪਾਏ ਗਏ, ਜਦੋਂ ਕਿ 5280 ਦੇ ਨਤੀਜਿਆਂ ਦੀ ਅਜੇ ਉਡੀਕ ਹੈ। ਨਮੂਨੇ ਲੈਣ ਦੀ ਪ੍ਰਕਿਰਿਆ 1 ਜੂਨ ਨੂੰ ਸ਼ੁਰੂ ਹੋਈ ਸੀ ਅਤੇ ਰੋਜ਼ਾਨਾ ਦੇ ਅਧਾਰ 'ਤੇ ਥਾਣਿਆਂ ਅਤੇ ਹੋਰ ਜੋਖ਼ਮ ਵਾਲੇ ਖੇਤਰਾਂ 'ਚ ਸਿਹਤ ਵਿਭਾਗ ਕੋਲ ਉਪਲਬਧ ਟੈਸਟਿੰਗ ਸਮਰੱਥਾ ਦੇ ਅਧਾਰ 'ਤੇ ਤਾਇਨਾਤ ਵੱਧ ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਅੱਗੇ ਇਹ ਵੀ ਦਸਿਆ ਕਿ ਸਾਰੇ 17 ਸੰਕ੍ਰਮਿਤ ਪੁਲਸ ਕਰਮਚਾਰੀ ਸਿਵਲ ਹਸਪਤਾਲਾਂ 'ਚ ਜਾਂ ਪੰਜਾਬ ਸਿਹਤ ਵਿਭਾਗ ਵਲੋਂ ਸਥਾਪਤ ਕੀਤੇ ਗਏ ਕੋਵਿਡ ਕੇਅਰ ਸੈਂਟਰਾਂ 'ਚ ਇਕਾਂਤਵਾਸ ਕੀਤੇ ਗਏ ਹਨ। ਡੀ.ਜੀ.ਪੀ. ਨੇ ਇਕ ਵੀਡੀਓ ਕਾਨਫਰੰਸ ਰਾਹੀਂ, ਸਾਰੇ ਐੱਸ.ਐੱਸ.ਪੀਜ਼/ਸੀ.ਪੀਜ਼ ਅਤੇ ਆਈ.ਜੀਜ਼ ਰੇਂਜ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਸਾਰੇ ਪੁਲਸ ਕਰਮਚਾਰੀਆਂ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਉਣ, ਜੋ ਕਿ ਸੂਬੇ ਦੇ 27 ਰੈਵਿਨਿਊ/ਪੁਲਸ ਜ਼ਿਲਿਆਂ ਦੇ 400 ਤੋਂ ਵੱਧ ਥਾਣਿਆਂ 'ਚ ਮੋਹਰਲੀ ਕਤਾਰ 'ਤੇ ਤਾਇਨਾਤ ਹਨ। ਡੀ.ਜੀ.ਪੀ. ਪੰਜਾਬ ਨੇ ਜ਼ਿਲਾ ਪੁਲਸ ਮੁਖੀਆਂ ਅਤੇ ਸਟੇਟ ਆਰਮਡ ਪੁਲਸ ਦੇ ਵਿਸ਼ੇਸ਼ ਡੀ.ਜੀ.ਪੀ. ਨੂੰ ਹਦਾਇਤ ਕੀਤੀ ਕਿ ਉਹ ਪੁਲਸ ਵਾਹਨਾਂ ਦੇ ਡਰਾਈਵਰਾਂ, ਜੇਲਾਂ ਦੀਆਂ ਵੈਨਾਂ ਆਦਿ ਸਮੇਤ ਪੰਜਾਬ ਪੁਲਸ ਦੇ ਨਮੂਨੇ ਲੈਣ। ਉਨ੍ਹਾਂ ਦੱਸਿਆ ਕਿ ਉਹ ਜਨਤਕ ਅਤੇ ਮੋਹਰਲੀ ਕਤਾਰ 'ਤੇ ਤਾਇਨਾਤ ਪੁਲਸ ਕਰਮਚਾਰੀਆਂ 'ਚ ਲਾਗ ਦੇ ਵਾਧੇ ਦੀ ਸੰਭਾਵਨਾ ਬਾਰੇ ਚਿੰਤਤ ਸਨ।

ਸਿਹਤ ਵਿਭਾਗ ਕੋਲ ਨਮੂਨੇ ਲੈਣ ਵਾਲੀਆਂ ਸਿਖਲਾਈ ਟੀਮਾਂ ਦੀ ਘਾਟ ਸੀ, ਇਸ ਲਈ ਰਾਜ ਦੇ ਸਿਹਤ ਵਿਭਾਗ ਵਲੋਂ ਨਮੂਨੇ ਲੈਣ ਲਈ ਪੁਲਸ ਨਾਲ ਜੁੜੇ ਡਾਕਟਰਾਂ ਅਤੇ ਪੈਰਾਮੈਡਿਕਸ ਨੂੰ ਤੁਰੰਤ ਸਿਖਲਾਈ ਪ੍ਰੋਗਰਾਮ ਰਾਹੀਂ ਰੱਖਿਆ ਗਿਆ। ਡੀ.ਜੀ.ਪੀ. ਨੇ ਕਿਹਾ ਕਿ ਇਸ ਨਾਲ ਵਿਭਾਗ ਨੂੰ ਪੁਲਸ ਫੋਰਸ 'ਚ ਪਈ ਮੁਸ਼ਕਲ ਦਾ ਹੱਲ ਕਰਨ ਅਤੇ ਵਿਭਾਗ ਨੂੰ ਪੁਲਸ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵਧੀਆ ਡਾਕਟਰੀ ਇਲਾਜ ਯਕੀਨੀ ਬਣਾਉਣ 'ਚ ਵੀ ਸਹਾਇਤਾ ਕਰੇਗੀ। ਇਹ ਪੰਜਾਬ ਪੁਲਸ ਨੂੰ ਭਵਿੱਖ 'ਚ ਕਿਸੇ ਵੀ ਸੰਕਟਮਈ ਸਥਿਤੀ ਦਾ ਮੁਕਾਬਲਾ ਕਰਨ ਲਈ ਆਪਣੇ ਪ੍ਰਬੰਧਕਾਂ ਦੀ ਜਾਂਚ ਅਤੇ ਡਾਕਟਰੀ ਇਲਾਜ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਉਚਿਤ ਸਮਰੱਥਾ ਬਣਾਉਣ ਵਿਚ ਸਹਾਇਤਾ ਕਰੇਗਾ। ਇਸ ਦੌਰਾਨ, ਡੀ.ਜੀ.ਪੀ. ਨੇ ਕਿਹਾ ਕਿ ਸਹਿ-ਰੋਗਾਂ ਵਾਲਾ ਇਕ ਕੋਵਿਡ ਪਾਜ਼ੇਟਿਵ ਏ.ਐੱਸ.ਆਈ., ਅੰਮ੍ਰਿਤਸਰ 'ਚ ਗੰਭੀਰ ਹਾਲਤ 'ਚ ਦੱਸਿਆ ਗਿਆ ਹੈ। ਹਾਲਾਂਕਿ, ਉਹ ਵਿਭਾਗ ਵਲੋਂ ਚਲਾਏ ਗਏ ਅਭਿਆਸ ਦਾ ਹਿੱਸਾ ਨਹੀਂ ਸੀ, ਪਰ ਡਾ. ਕੇ. ਕੇ. ਤਲਵਾੜ, ਸਾਬਕਾ ਡਾਇਰੈਕਟਰ, ਪੀ.ਜੀ.ਐੱਮ.ਆਈ.ਆਰ., ਚੰਡੀਗੜ੍ਹ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਥਾਪਤ ਕੀਤੇ ਮਾਹਰ ਗਰੁੱਪਾਂ ਵਲੋਂ ਵਧੀਆ ਇਲਾਜ ਨੂੰ ਯਕੀਨੀ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।


Deepak Kumar

Content Editor

Related News