ਤਰਨਤਾਰਨ 'ਚ ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ 15 ਸਾਲਾ ਮੁੰਡੇ ਦੀ ਮੌਤ
Tuesday, Jan 17, 2023 - 06:20 PM (IST)

ਤਰਨਤਾਰਨ (ਰਮਨ) : ਜ਼ਿਲ੍ਹੇ ਅਧੀਨ ਆਉਂਦੇ ਪਿੰਡ ਆਲੋਵਾਲ ਵਿਖੇ ਇਕ ਨਾਬਾਲਿਗ ਮੁੰਡੇ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਮੁੰਡਾ ਦੱਸਿਆ ਜਾ ਰਿਹਾ ਹੈ, ਜੋ ਕਰੀਬ ਛੇ ਮਹੀਨੇ ਪਹਿਲਾਂ ਨਸ਼ੇ ਦੀ ਦਲ-ਦਲ ਵਿੱਚ ਧੱਸ ਗਿਆ ਸੀ। ਇਸ ਘਟਨਾ ਤੋਂ ਬਾਅਦ ਥਾਣਾ ਵੈਰੋਵਾਲ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨਾਬਾਲਿਗ ਦੀ ਪਛਾਣ ਅਰੁਣਪ੍ਰੀਤ ਸਿੰਘ (15) ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਅੱਲੋਵਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਅਰੁਣਪ੍ਰੀਤ ਬੀਤੇ ਸੋਮਵਾਰ ਆਪਣੇ ਦੋਸਤਾਂ ਨਾਲ ਕਿਤੇ ਬਾਹਰ ਗਿਆ ਸੀ, ਜਿਸ ਦੀ ਨਸ਼ੀਲਾ ਟੀਕਾ ਲਗਾਉਣ ਤੋਂ ਬਾਅਦ ਹਾਲਤ ਖ਼ਰਾਬ ਹੋ ਗਈ।
ਇਹ ਵੀ ਪੜ੍ਹੋ- ਆਸਟ੍ਰੇਲੀਆ ਜਾਣ ਲਈ ਦੋ ਵਾਰ ਦਿੱਤਾ IELTS ਦਾ ਪੇਪਰ, ਨਾ ਸਫ਼ਲ ਹੋਇਆ ਤਾਂ ਚੁੱਕਿਆ ਖ਼ੌਫਨਾਕ ਕਦਮ
ਇਸ ਸਬੰਧੀ ਪਤਾ ਲੱਗਣ 'ਤੇ ਪਰਿਵਾਰਕ ਮੈਂਬਰਾਂ ਵੱਲੋਂ ਅਰੁਣਪ੍ਰੀਤ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜਾਹਰ ਕੀਤਾ ਜਾ ਰਿਹਾ ਹੈ ਕਿ ਇਲਾਕੇ ਵਿਚ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਜਿਸ ਨੂੰ ਰੋਕਣ 'ਚ ਪੁਲਸ ਅਸਫ਼ਲ ਸਾਬਤ ਹੋ ਰਿਹਾ ਹੈ। ਉਧਰ ਥਾਣਾ ਵੈਰੋਵਾਲ ਦੇ ਮੁਖੀ ਇੰਸਪੈਕਟਰ ਉਪਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਦਾ ਭਾਜਪਾ 'ਤੇ ਵੱਡਾ ਇਲਜ਼ਾਮ, ਪ੍ਰੈੱਸ ਕਾਨਫਰੰਸ 'ਚ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।