2 ਘੰਟੇ ਜਹਾਜ਼ ’ਚ ਬਿਠਾਈ ਰੱਖਿਆ, ਏਅਰਲਾਈਨ ’ਤੇ 15 ਹਜ਼ਾਰ ਹਰਜਾਨਾ
Wednesday, Jun 18, 2025 - 12:39 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਗੁੜਗਾਓਂ ਸਥਿਤ ਇੰਟਰ ਗਲੋਬ ਏਵੀਏਸ਼ਨ (ਇੰਡੀਗੋ) ਨੂੰ ਸੇਵਾ ’ਚ ਕੋਤਾਹੀ ਦਾ ਦੋਸ਼ੀ ਠਹਿਰਾਉਂਦਿਆਂ ਸ਼ਿਕਾਇਤਕਰਤਾ ਨੂੰ 15 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ 10 ਹਜ਼ਾਰ ਰੁਪਏ ਮੁਕੱਦਮਾ ਖ਼ਰਚ ਵਜੋਂ ਦੇਣ ਲਈ ਕਿਹਾ ਹੈ। ਰਾਏਪੁਰ ਖੁਰਦ ਦੇ ਤਲਵਿੰਦਰ ਸਿੰਘ ਸੈਣੀ ਨੇ ਸ਼ਿਕਾਇਤ ’ਚ ਦੱਸਿਆ ਕਿ 84 ਹਜ਼ਾਰ 374 ਰੁਪਏ ਦਾ ਭੁਗਤਾਨ ਕਰ ਕੇ ਦਿੱਲੀ ਤੋਂ ਨੈਸ਼ਵਿਲੇ ਲਈ ਅਮਰੀਕੀ ਏਅਰਲਾਈਨ ਦੀ ਉਡਾਣ ਬੁੱਕ ਕੀਤੀ ਸੀ।
ਇਕ ਫਰਵਰੀ 2024 ਨੂੰ ਦਿੱਲੀ ਹਵਾਈ ਅੱਡੇ ਤੋਂ ਰਾਤ 12:20 ਵਜੇ ਰਵਾਨਗੀ ਸੀ। 2 ਘੰਟੇ ਪਹਿਲਾਂ ਚੈੱਕ-ਇਨ ਲਈ ਰਿਪੋਰਟ ਕਰਨਾ ਸੀ। 29 ਜਨਵਰੀ ਨੂੰ ਚੰਡੀਗੜ੍ਹ ਤੋਂ 18:45 ਵਜੇ ਦਿੱਲੀ ਲਈ ਉਡਾਣ ਬੁੱਕ ਕੀਤੀ, ਜੋ 8 ਵਜੇ ਪਹੁੰਚਣੀ ਸੀ। ਇਕ ਘੰਟਾ ਪਹਿਲਾਂ ਚੈੱਕ-ਇਨ ਸਮੇਂ ਪਹੁੰਚ ਗਿਆ, ਪਰ ਬੋਰਡਿੰਗ 19:30 ਵਜੇ ਸ਼ੁਰੂ ਹੋਈ। ਇਸ ਤੋਂ ਬਾਅਦ ਯਾਤਰੀਆਂ ਨੂੰ ਰਾਤ 9:30 ਵਜੇ ਤੱਕ ਜਹਾਜ਼ ’ਚ ਬਿਠਾਏ ਰੱਖਿਆ ਤੇ 9.53 ਵਜੇ ਰਵਾਨਾ ਕੀਤਾ। ਵਾਧੂ 40 ਮਿੰਟ ਤੱਕ ਹਵਾ ’ਚ ਹੀ ਰਹਿਣ ਤੋਂ ਬਾਅਦ ਆਖ਼ਰਕਾਰ ਰਾਤ 11 ਵਜੇ ਦਿੱਲੀ ਹਵਾਈ ਅੱਡੇ ’ਤੇ ਲੈਂਡਿੰਗ ਹੋਈ। ਇਸ ਕਾਰਨ ਯੂ.ਐੱਸ.ਏ. ਲਈ ਅੰਤਰਰਾਸ਼ਟਰੀ ਉਡਾਣ ਖੁੰਝ ਗਈ। ਜੇ. ਕੇ. ਐੱਫ. ਲਈ 84,369 ਰੁਪਏ ਦਾ ਭੁਗਤਾਨ ਕਰ ਕੇ ਆਨਲਾਈਨ ਉਡਾਣ ਬੁੱਕ ਕਰਨੀ ਪਈ। ਮੁਲਜ਼ਮ ਧਿਰ ਨੇ ਸਵੀਕਾਰ ਕੀਤਾ ਕਿ ਖਰਾਬ ਮੌਸਮ ਕਾਰਨ ਉਡਾਣ ’ਚ 149 ਮਿੰਟ ਦੀ ਦੇਰੀ ਹੋਈ ਸੀ।