ਰੇਲਵੇ ਐਕਟ ਦੀ ਉਲੰਘਣਾ ਕਰਨ ਵਾਲੇ 15 ਵਿਅਕਤੀ ਗ੍ਰਿਫਤਾਰ

Tuesday, Jul 31, 2018 - 04:43 AM (IST)

ਰੇਲਵੇ ਐਕਟ ਦੀ ਉਲੰਘਣਾ ਕਰਨ ਵਾਲੇ 15 ਵਿਅਕਤੀ ਗ੍ਰਿਫਤਾਰ

ਕਪੂਰਥਲਾ, (ਮੱਲ੍ਹੀ)- ਆਰ. ਸੀ. ਐੱਫ. ਦੀ ਸੁਰੱਖਿਆ ਇਕਾਈ ਆਰ. ਪੀ. ਐੱਫ. ਕਪੂਰਥਲਾ ਨੇ ਰੇਲ ਕੋਚ ਫੈਕਟਰੀ ਅੰਦਰ ਰੇਲਵੇ ਐਕਟ ਤਹਿਤ ਅਭਿਆਨ ਚਲਾਉਂਦਿਅਾਂ 15 ਵਿਅਕਤੀਆਂ (ਲਡ਼ਕਿਆਂ) ਨੂੰ ਫਡ਼ਿਆ ਤੇ ਉਨ੍ਹਾਂ ਖਿਲਾਫ ਰੇਲਵੇ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। 
ਜਾਣਕਾਰੀ ਅਨੁਸਾਰ 27 ਤੇ 28 ਜੁਲਾਈ ਨੂੰ ਆਰ. ਪੀ. ਐੱਫ. ਦੇ ਏ. ਐੱਸ. ਆਈ. ਬਲਜੀਤ ਸਿੰਘ, ਏ. ਐੱਸ. ਆਈ. ਸੁਰਿੰਦਰ ਸਿੰਘ ਕ੍ਰਾਈਮ ਇੰਟੈਲੀਜੈਂਸ ਬ੍ਰਾਂਚ, ਏ. ਐੱਸ. ਆਈ. ਗੁਲਜਾਰ ਸਿੰਘ, ਏ. ਐੱਸ. ਆਈ. ਕੁਲਦੀਪ ਰਾਏ ਨੇ ਆਪੋ ਆਪਣੀ ਪੁਲਸ ਪਾਰਟੀ ਨਾਲ ਆਰ. ਸੀ. ਐੱਫ. ’ਚ ਗਸ਼ਤ ਕਰਦਿਆਂ ਕੇਂਦਰੀ ਵਿਦਿਆਲਾ-1 ਦੇ ਨੇਡ਼ੇ 5 ਲਡ਼ਕਿਆਂ/ਵਿਅਕਤੀਆਂ ਨੂੰ ਘੁੰਮਦਿਆਂ ਵੇਖਿਆ, ਸ਼ੱਕ ਹੋਣ ’ਤੇ ਉਨ੍ਹਾਂ ਪਾਸੋਂ ਪੁੱਛ ਪਡ਼ਤਾਲ ਕੀਤੀ ਤਾਂ ਤਸੱਲੀ ਕਰਨ ਤੇ ਪਹਿਚਾਣ ਪੱਤਰ ਆਦਿ ਨਾ ਪੇਸ਼ ਕਰਨ ’ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਸਪੈਸ਼ਲ ਗਸ਼ਤ ਦੌਰਾਨ ਆਰ. ਸੀ. ਐੱਫ. ਕੰਪਲੈਕਸ ਏਰੀਆ ਤੇ ਝੀਲ ਆਦਿ ਖੇਤਰ ’ਚ ਘੁੰਮਦੇ 5 ਲਡ਼ਕਿਆਂ/ਵਿਅਕਤੀਆਂ ਨੂੰ, ਜਦਕਿ ਮਹਾਰਾਜਾ ਰਣਜੀਤ ਸਿੰਘ ਸਟੇਡੀਅਮ ਤੇ ਆਸ ਪਾਸ ਘੁੰਮਦੇ 5 ਵਿਅਕਤੀਆਂ ਨੂੰ ਸ਼ੱਕੀ ਹਾਲਤ ’ਚ ਫਡ਼ਿਆ, ਜਿਨ੍ਹਾਂ ਵਲੋਂ ਰੇਡਿਕਾ ਦੇ ਮੇਨ ਗੇਟਾਂ ’ਤੇ ਕੋਈ ਐਂਟਰੀ ਦਰਜ ਨਹੀਂ ਕਰਵਾਈ ਗਈ ਸੀ ਤੇ ਉਹ ਬਿਨਾਂ ਵਜਾ ਆਰ. ਸੀ. ਐੱਫ. ’ਚ ਘੁੰਮ ਰਹੇ ਸਨ, ਖਿਲਾਫ ਧਾਰਾ 147 ਤਹਿਤ ਮਾਮਲਾ ਦਰਜ ਕੀਤਾ ਗਿਆ। ਰੇਡਿਕਾ ਦੇ ਆਰ. ਪੀ. ਐੱਫ. ਇੰਚਾਰਜ ਅਨੁਸਾਰ ਆਰ. ਸੀ. ਐੱਫ. ਦੀ ਸੁਰੱਖਿਆ ਤੇ ਅਗਾਮੀ ਸਵਤੰਤਰਾ ਦਿਵਸ ਸਮਾਗਮਾਂ ਨੂੰ ਮੁੱਖ ਰੱਖਦਿਆਂ ਆਰ. ਸੀ. ਐੱਫ. ’ਚ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਹਨ ਤੇ ਕਿਸੇ ਵੀ ਵਿਅਕਤੀ ਨੂੰ ਰੇਡਿਕਾ ’ਚ ਬਿਨਾਂ ਕਾਰਜ ਤੋਂ ਅਾਵਾਰਾ ਘੁੰਮਣ ਨਹੀਂ ਦਿੱਤਾ ਜਾਵੇਗਾ। ਸਗੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


Related News