15 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
Saturday, Nov 25, 2017 - 06:37 AM (IST)

ਜਲੰਧਰ, (ਮਹੇਸ਼)- ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਔਲਖ ਦੀ ਅਗਵਾਈ ਵਿਚ ਫਤਹਿਪੁਰ ਪ੍ਰਤਾਪਪੁਰਾ ਪੁਲਸ ਚੌਕੀ ਦੇ ਮੁਖੀ ਐੱਸ. ਆਈ. ਭਗਵੰਤ ਭੁੱਲਰ ਨੇ 15 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਪਰ ਚਿੱਟੇ ਰੰਗ ਦੀ ਇੰਡੀਗੋ ਕਾਰ 'ਚ ਸਵਾਰ ਸ਼ਰਾਬ ਸਮੱਗਲਰ ਮੌਕੇ ਤੋਂ ਫਰਾਰ ਹੋ ਗਿਆ। ਐੱਸ. ਐੱਚ. ਓ. ਔਲਖ ਨੇ ਦੱਸਿਆ ਕਿ ਐੱਸ. ਆਈ. ਭੁੱਲਰ ਸਮੇਤ ਪੁਲਸ ਪਾਰਟੀ ਪਿੰਡ ਖੁਣਖੁਣਾ ਜਾਂਦੇ ਰਸਤੇ 'ਤੇ ਗਸ਼ਤ ਕਰ ਰਹੇ ਸਨ ਕਿ ਇਕ ਵਿਅਕਤੀ ਡ੍ਰੇਨ ਦੇ ਨੇੜੇ ਆਪਣੀ ਕਾਰ 'ਚੋਂ ਬੋਰੀਆਂ ਉਤਾਰ ਰਿਹਾ ਸੀ। ਪੁਲਸ ਪਾਰਟੀ ਉਸ ਦੇ ਨੇੜੇ ਪਹੁੰਚੀ ਤਾਂ ਉਹ ਤੇਜ਼ ਰਫਤਾਰ ਕਾਰ ਲੈ ਕੇ ਫਰਾਰ ਹੋ ਗਿਆ। ਉਸ ਦਾ ਪਿੱਛਾ ਕੀਤਾ ਪਰ ਉਸ ਨੇ ਆਪਣੀ ਗੱਡੀ ਪਿੰਡ ਸ਼ੰਕਰ ਵੱਲ ਮੋੜ ਲਈ, ਜਿਸ ਕਾਰਨ ਉਹ ਪੁਲਸ ਦੇ ਹੱਥ ਨਾ ਲੱਗ ਸਕਿਆ। ਉਸ ਦੀ ਕਾਰ ਦਾ ਨੰਬਰ ਨੋਟ ਕਰਨਾ ਚਾਹਿਆ ਪਰ ਉਸ ਨੇ ਨੰਬਰ ਪਲੇਟ 'ਤੇ ਮਿੱਟੀ ਲਾਈ ਹੋਈ ਸੀ ਪਰ ਇਸ ਦੇ ਬਾਵਜੂਦ ਵੀ ਹੇਠਾਂ ਲਿਖੇ ਹੋਏ ਨੰਬਰ ਨੂੰ ਪੁਲਸ ਨੇ ਪੜ੍ਹ ਲਿਆ। ਨੰਬਰ ਦੀ ਮਦਦ ਨਾਲ ਕਾਰ ਚਾਲਕ ਨੂੰ ਕਾਬੂ ਕਰਨ ਲਈ ਪੁਲਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਸ ਵਲੋਂ ਉਤਾਰੀਆਂ ਬੋਰੀਆਂ ਨੂੰ ਚੈੱਕ ਕੀਤਾ ਗਿਆ ਤਾਂ ਉਨ੍ਹਾਂ 'ਚੋਂ 15 ਪੇਟੀਆਂ ਸ਼ਰਾਬ ਬਰਾਮਦ ਹੋਈ, ਜੋ ਕਿ ਪੁਲਸ ਨੇ ਆਪਣੇ ਕਬਜ਼ੇ ਵਿਚ ਕਰ ਲਈ ਹੈ। ਦੋਸ਼ੀ ਖਿਲਾਫ ਥਾਣਾ ਸਦਰ 'ਚ ਕੇਸ ਦਰਜ ਕਰ ਲਿਆ ਗਿਆ ਹੈ। ਰੋਡ 'ਤੇ ਵੱਖ-ਵੱਖ ਥਾਵਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਕਢਵਾਈ ਜਾ ਰਹੀ ਹੈ।