ਕੁੱਟਮਾਰ ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਕਾਂਗਰਸੀ ਆਗੂ ਸਣੇ 14 ਲੋਕਾਂ 'ਤੇ ਮਾਮਲਾ ਦਰਜ਼
Thursday, Aug 23, 2018 - 07:45 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ)—ਥਾਣਾ ਝਬਾਲ ਵਿਖੇ ਕਾਂਗਰਸ ਦੇ ਸੂਬਾ ਸਕੱਤਰ ਅਤੇ ਮਾਰਕਫੈੱਡ ਦੇ ਸਾਬਕਾ ਡਾਇਰੈਕਟਰ ਹਰਸ਼ਰਨ ਸਿੰਘ ਮੱਲ੍ਹਾ ਸੋਹਲ ਸਮੇਤ 14 ਲੋਕਾਂ ਵਿਰੁੱਧ ਸਰਕਾਰੀ ਕੰਮ ਵਿਚ ਵਿਘਨ ਪਾਉਣ, ਕੁੱਟਮਾਰ ਕਰਨ ਅਤੇ ਗੋਲੀਆਂ ਚਲਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਰਜ ਕਰਾਏ ਬਿਆਨਾਂ 'ਚ ਝਬਾਲ ਸਰਕਲ ਦੇ ਫੂਡ ਸਪਲਾਈ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਵਰਨਣ ਕੀਤਾ ਹੈ ਕਿ ਸਰਕਾਰ ਦੀ ਆਟਾ ਦਾਲ ਸਕੀਮ ਤਹਿਤ ਪਿੰਡ ਸੋਹਲ ਦੇ ਲਾਭਪਾਤਰੀਆਂ ਨੂੰ ਉਕਤ ਪਿੰਡ ਦੇ ਡੀਪੂ ਹੋਲਡਰਾਂ ਰਾਹੀਂ ਸਸਤੀ ਕਣਕ ਤਕਸੀਮ ਕਰਨ ਲਈ ਪਰਚੀਆਂ ਕੱਟੀਆਂ ਗਈਆਂ ਸਨ, ਜਿਸ ਦੌਰਾਨ ਡੀਪੂ ਹੋਲਡਰ ਗੁਰਪ੍ਰੀਤ ਸਿੰਘ ਅਤੇ ਕਸ਼ਮੀਰ ਸਿੰਘ (ਦੋਵੇਂ ਪਿੰਡ ਸੋਹਲ) ਵੱਲੋਂ ਉਕਤ ਕਣਕ ਤਕਸੀਮ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਫੂਡ ਸਪਲਾਈ ਇੰਸਪੈਕਟਰ ਅਨੁਸਾਰ ਉਸ ਵੱਲੋਂ ਵਿਭਾਗ ਦੀਆਂ ਹਦਾਇਤਾਂ ਦੇ ਅਧਾਰ 'ਤੇ ਝਬਾਲ ਦੇ ਡੀਪੂ ਹੋਲਡਰ ਜਤਿੰਦਰ ਸਿੰਘ ਉਰਫ ਬੱਬਲਾ ਸਮੇਤ ਜਦੋਂ ਵੀਰਵਾਰ ਨੂੰ ਪਿੰਡ ਸੋਹਲ ਸਥਿਤ ਲਾਭਪਾਤਰੀਆਂ ਨੂੰ ਕਣਕ ਵੰਡ ਕੇ ਵਾਪਸ ਦੂਸਰੇ ਪਿੰਡ ਕਣਕ ਵੰਡਣ ਲਈ ਜਾ ਰਹੇ ਸੀ ਤਾਂ ਜਤਿੰਦਰ ਸਿੰਘ ਉਰਫ ਬੱਬਲਾ ਜੋ ਕਿ ਆਪਣੀ ਇੰਡੀਗੋ ਗੱਡੀ 'ਤੇ ਦਲਬੀਰ ਸਿੰਘ ਗੁਦਾਮ ਦਾ ਸੁਰੱਖਿਆ ਗਾਰਡ ਅਤੇ ਮਨਪ੍ਰੀਤ ਸਿੰਘ ਸਵਾਰ ਸਨ ਅਤੇ ਉਸਦੀ ਗੱਡੀ ਦੇ ਅੱਗੇ-ਅੱਗੇ ਜਾ ਰਹੇ ਸਨ। ਜਤਿੰਦਰ ਸਿੰਘ ਦੀ ਗੱਡੀ ਪਿੰਡ ਸੋਹਲ ਸਥਿਤ ਪੁੱਲ ਡਰੇਨ ਦੇ ਕੋਲ ਪੁੱਜੀ ਤਾਂ ਉਸਦੀ ਗੱਡੀ ਨੂੰ ਕਥਿਤ ਮੁਲਜ਼ਮ ਹਰਸ਼ਰਨ ਸਿੰਘ ਉਰਫ ਮੱਲ੍ਹਾ ਸੋਹਲ ਵੱਲੋਂ ਆਪਣੇ ਹਥਿਆਰਬੰਦ ਸਾਥੀਆਂ ਦੀ ਮਦਦ ਨਾਲ ਰੋਕ ਲਿਆ ਗਿਆ ਅਤੇ ਉਸ ਦੀ ਗੱਡੀ 'ਤੇ ਹਮਲਾ ਕਰਦਿਆਂ ਉਸ ਸਮੇਤ ਉਸਦੇ ਸਾਥੀਆਂ ਦਲਬੀਰ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਗੱਡੀ ਚੋਂ ਬਾਹਰ ਕੱਢ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਦੱਸਿਆ ਕਿ ਇਸ ਦੌਰਾਨ ਹਰਸ਼ਰਨ ਸਿੰਘ ਮੱਲ੍ਹਾ ਵੱਲੋਂ ਰਿਵਾਲਵਰ ਨਾਲ 3 ਗੋਲੀਆਂ ਚਲਾਈਆਂ ਗਈਆਂ। ਹਰਜਿੰਦਰ ਸਿੰਘ ਨਾਮੀ ਵਿਆਕਤੀ ਵੱਲੋਂ ਪਿਸਟਲ ਨਾਲ ਫਾਇਰ ਕਰਨ ਤੋਂ ਇਲਾਵਾ ਪਿਸਟਲ ਦਲਬੀਰ ਸਿੰਘ ਦੇ ਕੰਨ 'ਤੇ ਰੱਖ ਕੇ ਉਸ ਦੀ ਜੇਬ ਵਿਚੋਂ 10700 ਰੁਪਏ ਅਤੇ ਜਤਿੰਦਰ ਸਿੰਘ ਦੀ ਜ਼ੇਬ ਵਿਚੋਂ 15100 ਰੁਪਏ ਕੱਢਣ ਤੋਂ ਇਲਾਵਾ ਦਲਬੀਰ ਸਿੰਘ ਦੀ ਪੱਗੜੀ ਵੀ ਉਤਾਰ ਲਈ ਅਤੇ ਜਾਂਦੇ ਹੋਏ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ।
ਮੱਲ੍ਹਾ ਸੋਹਲ ਸਮੇਤ 14 ਲੋਕਾਂ ਨੂੰ ਨਾਮਜ਼ਦ ਕਰਦਿਆਂ 7 ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ-ਇੰਸ. ਮਨੋਜ ਕੁਮਾਰ
ਥਾਣਾ ਮੁੱਖੀ ਝਬਾਲ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਨੇ ਉਕਤ ਮਾਮਲੇ 'ਚ ਮੁਦੱਈ ਫੂਡ ਸਪਲਾਈ ਇੰਸ. ਬਿਕਰਮਜੀਤ ਸਿੰਘ ਦੇ ਬਿਆਨਾਂ 'ਤੇ ਹਰਸ਼ਰਨ ਸਿੰਘ ਮੱਲ੍ਹਾ ਸੋਹਲ, ਅਮਰੀਕ ਸਿੰਘ ਪੁੱਤਰ ਇੰਦਰ ਸਿੰਘ, ਅਮਰੀਕ ਸਿੰਘ ਪੁੱਤਰ ਪੂਰਨ ਸਿੰਘ, ਬਲਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਗੁਰਮੀਤ ਸਿੰਘ, ਗੁਰਪਾਲ ਸਿੰਘ ਉਰਫ ਹੈਪੀ, ਦਿੱਲੀ ਪੁੱਤਰ ਸਰਮੁੱਖ ਸਿੰਘ,ਲਖਬੀਰ ਸਿੰਘ ਪੁੱਤਰ ਚੰਨਣ ਸਿੰਘ, ਹਰਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ, ਕੇਹਰ ਸਿੰਘ ਪੁੱਤਰ ਮੁੱਖਤਾਰ ਸਿੰਘ, ਸਤਨਾਮ ਸਿੰਘ ਪੁੱਤਰ ਚੰਨਣ ਸਿੰਘ,ਕੁਲਦੀਪ ਸਿੰਘ ਪੁੱਤਰ ਮੁੱਖਤਾਰ ਸਿੰਘ, ਬੂਟਾ ਸਿੰਘ ਪੁੱਤਰ ਜਸਵੰਤ ਸਿੰਘ, ਗੁਰਜੀਤ ਸਿੰਘ ਪੁੱਤਰ ਜਤਿੰਦਰ ਸਿੰਘ, ਪ੍ਰੇਮ ਸਿੰਘ ਪੁੱਤਰ ਸੁੱਚਾ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਸਵਰਨ ਸਿੰਘ ਸਾਰੇ ਵਾਸੀਅਨ ਪਿੰਡ ਸੋਹਲ ਵਿਰੁੱਧ ਮੁਕਦਮਾਂ ਨੰਬਰ 107 ਜ਼ੇਰੇ ਧਾਰਾ 186, 353, 323, 336, 295,379 ਬੀ, 148,149 ਅਸਲਾ ਐੱਕਟ 25,27,54,59 ਤਹਿਤ ਕੇਸ ਦਰਜ ਕਰਕੇ ਅਗਲੇਰੀ ਤਫਤੀਸ ਏ.ਐੱਸ.ਆਈ. ਗੁਰਸਾਹਬ ਸਿੰਘ ਨੂੰ ਸੌਂਪੀ ਗਈ ਹੈ।
ਦਰਜ ਕੇਸ ਝੂਠਾ 'ਤੇ ਸਿਆਸਤ ਤੋਂ ਪ੍ਰੇਰਿਤ- ਹਰਸ਼ਰਨ ਸਿੰਘ ਮੱਲ੍ਹਾ ਸੋਹਲ
ਕਾਂਗਰਸੀ ਆਗੂ ਹਰਸ਼ਰਨ ਸਿੰਘ ਮੱਲ੍ਹਾ ਸੋਹਲ ਨੇ ਉਸ ਸਮੇਤ ਉਸਦੇ ਸਾਥੀਆਂ ਵਿਰੁੱਧ ਦਰਜ ਉਕਤ ਕੇਸ ਨੂੰ ਝੂਠਾ ਅਤੇ ਰੰਜਿਸ਼ ਤਹਿਤ ਦਰਜ ਕੀਤਾ ਕਰਾਰ ਦਿੰਦਿਆਂ ਕਿਹਾ ਕਿ ਇਹ ਕੇਸ ਪੁਲਸ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤਾ ਗਿਆ ਹੈ। ਹਰਸ਼ਰਨ ਸਿੰਘ ਮੱਲ੍ਹਾ ਨੇ ਕਿਹਾ ਕਿ ਜਤਿੰਦਰ ਸਿੰਘ ਨਾਲ ਰਸਤੇ 'ਚ ਉਨ ਦਾ ਤਕਰਾਰ ਜਰੂਰ ਹੋਇਆ ਸੀ ਪਰ ਗੋਲੀਆਂ ਚਲਾਉਣ ਜਾਂ ਮਾਰ ਕੁੱਟਾਈ ਕਰਨ ਦੀ ਗੱਲ ਬੇ-ਬੁਨਿਆਦ ਘੜੀ ਗਈ ਹੈ, ਕਿਉਂਕਿ ਉਸ ਕੋਲ ਕੋਈ ਰਿਵਾਲਵਰ ਵਗੈਰਾ ਨਹੀਂ ਹੈ। ਉਸਨੇ ਕਿਹਾ ਕਿ ਉਨ੍ਹਾਂ ਵੱਲੋਂ ਉਕਤ ਦਰਜ ਕੇਸ ਸਬੰਧੀ ਜਾਂਚ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਲਗਾਏ ਜਾਣ ਤੋਂ ਇਲਾਵਾ ਮਾਮਲੇ ਨੂੰ ਮਾਣਯੋਗ ਹਾਈਕੋਰਟ 'ਚ ਵੀ ਲਿਜਾਇਆ ਜਾਵੇਗਾ।