ਪੀੜਤ ਪਰਿਵਾਰ ਨੇ ਇਰਾਦਾ ਕਤਲ ਦੇ 13 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ
Monday, Sep 09, 2019 - 09:58 AM (IST)

ਮਮਦੋਟ (ਸਰਮਾ, ਜਸਵੰਤ) - ਫਿਰੋਜ਼ਪੁਰ ਜ਼ਿਲੇ ਦੇ ਪਿੰਡ ਚੱਕ ਹਰਾਜ ਦੇ 1 ਅਕਾਲੀ ਆਗੂ ਤੇ ਸਾਬਕਾ ਸਰਪੰਚ ਨੇ ਮਾਣਯੋਗ ਅਦਾਲਤ ਵਲੋਂ ਕਰੀਬ 2 ਮਹੀਨੇ ਪਹਿਲਾਂ ਭਗੋੜੇ ਕਰਾਰ ਦਿੱਤੇ ਗਏ ਇਰਾਦਾ ਕਤਲ ਦੇ 13 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ। ਦੋਸ਼ੀਆਂ ਖਿਲਾਫ ਫਿਰੋਜ਼ਪੁਰ ਦੇ ਜ਼ਿਲਾ ਪੁਲਸ ਮੁੱਖੀ ਨੂੰ ਕਈ ਵਾਰ ਦਰਖਾਸਤ ਦਿੱਤੇ ਜਾਣ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਪੀੜਤ ਸਾਬਕਾ ਸਰਪੰਚ ਪ੍ਰੀਤਮ ਸਿੰਘ ਪੁੱਤਰ ਤਾਰਾ ਸਿੰਘ ਪਿੰਡ ਚੱਕ ਹਰਾਜ (ਬੈਰਕਾਂ) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦ ਦੋਸ਼ੀਆਂ ਮਾਨ ਸਿੰਘ ਪੁੱਤਰ ਸੁਖਚੈਨ ਸਿੰਘ, ਹਰਮੀਤ ਸਿੰਘ ਪੁੱਤਰ ਸੋਹਨ ਸਿੰਘ, ਅੰਗਰੇਜ ਸਿੰਘ ਪੁੱਤਰ ਬਲਕਾਰ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਫਿਰੋਜ਼ਪੁਰ ਸਣੇ 13 ਵਿਅਕਤੀਆਂ ਵਲੋਂ ਹਥਿਆਰਾਂ ਨਾਲ ਉਸ 'ਤੇ ਹਮਲਾ ਕਰਕੇ ਜਾਨੀ ਨੁਕਸਾਨ ਕੀਤਾ ਗਿਆ ਸੀ।
ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ ਉਕਤ ਲੋਕਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 307 ਤੇ ਅਸਲਾ ਐਕਟ ਤਹਿਤ 8 ਜੁਲਾਈ 2017 ਨੂੰ ਮੁਕੱਦਮਾ ਨੰਬਰ 76 ਦਰਜ ਕੀਤਾ ਸੀ, ਜਿਸ ਦੇ ਬਾਵਜੂਦ ਕਥਿਤ ਦੋਸ਼ੀ ਪਿੰਡ 'ਚ ਸ਼ਰੇਆਮ ਘੁੰਮ ਰਹੇ ਹਨ। ਉਕਤ ਦੋਸ਼ੀ ਉਸ ਨੂੰ ਵਾਰ-ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਾਠ ਨੇ ਦੱਸਿਆ ਕਿ ਉਨ੍ਹਾਂ ਨੇ ਐੱਸ.ਐੱਸ.ਪੀ. ਫਿਰੋਜ਼ਪਰ ਨੂੰ ਕਰੀਬ 10 ਦਿਨ ਪਹਿਲਾਂ ਮਿਲ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ ਪਰ ਕੁਝ ਨਹੀਂ ਹੋਇਆ। ਪ੍ਰੀਤਮ ਬਾਠ ਨੇ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਇਨਸਾਫ ਦੁਆਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਜੇਕਰ ਉਨ੍ਹਾਂ 'ਤੇ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਕੋਈ ਮੁੜ ਹਮਲਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।