ਬਾਰਵ੍ਹੀਂ ਦੀ ਪ੍ਰੀਖਿਆ ਅੱਜ ਤੋਂ, ਸੀ. ਸੀ. ਟੀ. ਵੀ. 'ਚ ਕੈਦ ਹੋਣਗੇ ਨਕਲ ਮਾਰਨ ਵਾਲੇ

Wednesday, Feb 28, 2018 - 09:49 AM (IST)

ਬਾਰਵ੍ਹੀਂ ਦੀ ਪ੍ਰੀਖਿਆ ਅੱਜ ਤੋਂ, ਸੀ. ਸੀ. ਟੀ. ਵੀ. 'ਚ ਕੈਦ ਹੋਣਗੇ ਨਕਲ ਮਾਰਨ ਵਾਲੇ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵ੍ਹੀਂ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਪ੍ਰੀਖਿਆਵਾਂ ਦੌਰਾਨ ਨਕਲ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਖਤ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਲਈ ਸੇਵਾਮੁਕਤ ਜਿੱਥੇ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ, ਜੋ ਕਿ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕਰਨਗੇ, ਉੱਥੇ ਹੀ ਸੀ. ਸੀ. ਟੀ. ਵੀ. ਕੈਮਰੇ ਵੀ ਇੰਸਟਾਲ ਕੀਤੇ ਗਏ ਹਨ, ਜਿਹੜੇ ਕਿ ਨਕਲ ਮਾਰਨ ਵਾਲੇ ਵਿਦਿਆਰਥੀਆਂ 'ਤੇ ਹਰ ਸਮੇਂ ਨਜ਼ਰ ਰੱਖਣਗੇ। ਜਿਹੜੇ ਖੇਤਰਾਂ 'ਚ ਵੱਧ ਨਕਲ ਹੋਣ ਦੇ ਸੰਕੇਤ ਹਨ, ਉੱਥੋਂ ਦੀ ਕਮਾਂਡ ਖੁਦ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਨੇ ਸੰਭਾਲ ਲਈ ਹੈ ਅਤੇ ਉਹ ਅਣਦੱਸੇ ਜ਼ਿਲੇ ਵੱਲ ਰਵਾਨਾ ਹੋ ਗਏ ਹਨ। 
56 ਪ੍ਰੀਖਿਆ ਕੇਂਦਰ 'ਚ ਲਾਏ ਸੀ. ਸੀ. ਟੀ. ਵੀ. ਕੈਮਰੇ
ਪ੍ਰੀਖਿਆ ਕੇਂਦਰ 'ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ ਕੰਮ ਮੰਗਲਵਾਰ ਤੋਂ ਹੀ ਸ਼ੁਰੂ ਹੋ ਗਿਆ। 56 ਅਤਿ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ 'ਚ ਹਰ ਪਾਸੇ ਕੈਮਰੇ ਲਾ ਦਿੱਤੇ ਗਏ ਹਨ, ਹਾਲਾਂਕਿ ਸੀ. ਸੀ. ਟੀ. ਵੀ. ਕੈਮਰੇ ਲਾਉਣ ਦਾ 2800 ਕੇਂਦਰ 'ਚ ਕੀਤਾ ਜਾਣਾ ਸੀ ਪਰ ਸਮੇਂ ਦੀ ਘਾਟ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ ਹੈ। ਜਿਨ੍ਹਾਂ 56 ਅਤਿ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ, ਉਨ੍ਹਾਂ 'ਚੋਂ 4 ਖੇਤਰ ਸਰਹੱਦ ਦੇ ਨਾਲ ਹੀ ਹਨ। ਜ਼ਿਕਰਯੋਗ ਹੈ ਕਿ 28 ਫਰਵਰੀ ਤੋਂ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਪ੍ਰੀਖਿਆਵਾਂ ਲਈ ਸੂਬੇ 'ਚ ਕੁੱਲ 2596 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ 3,40,075 ਵਿਦਿਆਰਥੀ ਪ੍ਰੀਖਿਆ 'ਚ ਸ਼ਾਮਲ ਹੋ ਰਹੇ ਹਨ। ਸਰਕਾਰ ਵਲੋਂ ਹਰੇਕ ਜ਼ਿਲੇ 'ਚ 5-5 ਸੇਵਾਮੁਕਤ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਨੂੰ ਤਾਇਨਾਤ ਕਰਨ ਦੀ ਰਣਨੀਤੀ ਬਣਾਈ ਗਈ ਹੈ। ਸੂਬੇ 'ਚ 56 ਸੰਵੇਦਨਸ਼ੀਲ ਪ੍ਰੀਖਿਆ ਕੇਂਦਰ ਐਲਾਨੇ ਗਏ ਹਨ, ਜਿਨ੍ਹਾਂ 'ਚੋਂ ਸਭ ਤੋਂ ਵੱਧ 11 ਸੰਵੇਦਨਸ਼ੀਲ ਕੇਂਦਰ ਜ਼ਿਲਾ ਫਿਰੋਜ਼ਪੁਰ 'ਚ ਹਨ। ਦੂਜੇ ਨੰਬਰ 'ਤੇ ਅੰਮ੍ਰਿਤਸਰ ਦੇ 10 ਕੇਂਦਰ ਸੰਵੇਦਨਸ਼ੀਲ ਐਲਾਨੇ ਹਨ। ਜ਼ਿਲਾ ਬਰਨਾਲਾ, ਫਤਿਹਗੜ੍ਹ ਸਾਹਿਬ, ਫਰੀਦਕੋਟ, ਮੁਕਤਸਰ, ਪਟਿਆਲਾ, ਨਵਾਂਸ਼ਹਿਰ, ਸੰਗਰੂਰ ਅਤੇ ਮੋਹਾਲੀ ਦਾ ਇਕ ਵੀ ਪ੍ਰੀਖਿਆ ਕੇਂਦਰ ਸੰਵੇਦਨਸ਼ੀਲ ਨਹੀਂ ਹੈ।


Related News