ਮਾਨ ਸਰਕਾਰ ਦੀਆਂ ਨੀਤੀਆਂ ਨੂੰ ਪਿਆ ਬੂਰ, 12ਵੀਂ ਦੇ ਨਤੀਜਿਆਂ ’ਚ ਸਰਕਾਰੀ ਸਕੂਲਾਂ ਦੀ ਰਹੀ ਝੰਡੀ

Thursday, May 25, 2023 - 10:03 PM (IST)

ਮਾਨ ਸਰਕਾਰ ਦੀਆਂ ਨੀਤੀਆਂ ਨੂੰ ਪਿਆ ਬੂਰ, 12ਵੀਂ ਦੇ ਨਤੀਜਿਆਂ ’ਚ ਸਰਕਾਰੀ ਸਕੂਲਾਂ ਦੀ ਰਹੀ ਝੰਡੀ

ਚੰਡੀਗੜ੍ਹ (ਬਿਊਰੋ): ਪੰਜਾਬ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਕੂਲ ਸਿੱਖਿਆ ਪ੍ਰਤੀ ਨੀਤੀਆਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਜਿਸਦੇ ਨਤੀਜੇ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੱਲ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ’ਚ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਵੱਖ-ਵੱਖ ਵਿਸ਼ਿਆਂ ’ਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਦੱਸਿਆ ਕਿ ਸਾਇੰਸ, ਕਾਮਰਸ ਅਤੇ ਵੋਕੇਸ਼ਨਲ ਗਰੁੱਪਾਂ  ਦੀਆਂ ਮੋਹਰੀ ਪੁਜ਼ੀਸ਼ਨਾਂ  ਸਰਕਾਰੀ ਸਕੂਲਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ ਹਨ। ਬੈਂਸ ਨੇ ਦੱਸਿਆ ਕਿ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਸੂਬੇ ਦੇ ਸਰਕਾਰੀ ਸਕੂਲਾਂ ਦੇ ਮਿਹਨਤੀ ਸਟਾਫ਼੍ ਨੂੰ ਜਾਂਦਾ ਹੈ ਜਿਨ੍ਹਾਂ ਨੇ ਪਿਛਲੇ ਸਾਲ ਦੇ ਦਸੰਬਰ ਮਹੀਨੇ ‘‘ਮਿਸ਼ਨ ਸੌ ਪ੍ਰਤੀਸ਼ਤ’’ ਮੁਹਿੰਮ ਰਾਹੀਂ ਇੱਕ-ਇੱਕ ਵਿਦਿਆਰਥੀ ਦੇ ਸਿੱਖਣ ਪੱਧਰ ਦੀ ਜਾਣਕਾਰੀ ਹਾਸਿਲ ਕਰਕੇ ਵਿਦਿਆਰਥੀਆਂ ਨੂੰ ਖੂਬ ਮਿਹਨਤ ਕਰਵਾਈ। ਉਨ੍ਹਾਂ ਦੱਸਿਆ ਕਿ ਕਾਮਰਸ ਗਰੁੱਪ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਬਠਿੰਡਾ ਦੀ ਵਿਦਿਆਰਥਣ ਸਿਮਰਨਜੀਤ ਕੌਰ ਪੁੱਤਰੀ ਅਸ਼ੋਕ ਕੁਮਾਰ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਖੁਸ਼ੀ ਗਰਗ ਪੁੱਤਰੀ ਹਰੀ ਓਮ ਗਰਗ, ਦੋਵਾਂ ਨੇ 494/500 ਅੰਕ ਪ੍ਰਾਪਤ ਕਰਕੇ ਸੂਬੇ ’ਚੋਂ ਸਾਂਝੇ ਰੂਪ ’ਚ ਪਹਿਲਾ ਸਥਾਨ ਹਾਸਿਲ ਕੀਤਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੁਧਿਆਣਾ) ਦੀ ਵਿਦਿਆਰਥਣ ਸ਼ੁਭਕਰਮਨਜੋਤ ਕੌਰ ਸੰਧਰ ਪੁੱਤਰੀ ਪਰਮਜੀਤ ਸਿੰਘ ਸੰਧਰ ਨੇ 493/500 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਲਿਆ। 

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦਾ ਵਫ਼ਦ 29 ਮਈ ਨੂੰ ਦਿੱਲੀ ਵਿਖੇ ਜਾ ਕੇ ਪਹਿਲਵਾਨਾਂ ਦੀ ਕਰੇਗਾ ਹਮਾਇਤ

ਇਸੇ ਤਰਾਂ ਸਾਇੰਸ ਗਰੁੱਪ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਇਨਜ ਪਟਿਆਲ਼ਾ ਦੇ ਵਿਦਿਆਰਥੀ ਨਵਨੀਤ ਸਿੰਘ ਪੁੱਤਰ ਗੁਰਬਚਨ ਸਿੰਘ ਨੇ 496/500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੁਧਿਆਣਾ) ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਅਤੇ ਸ਼ਹੀਦ ਹਰਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ (ਅੰਮ੍ਰਿਤਸਰ) ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਮਨਿੰਦਰ ਸਿੰਘ ਨੇ ਕ੍ਰਮਵਾਰ 495/509 ਅੰਕ ਲੈ ਕੇ ਸਾਂਝੇ ਰੂਪ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਵੋਕੇਸ਼ਨਲ ਗਰੁੱਪ ’ਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ ਹੁਸ਼ਿਆਰਪੁਰ ਦੀ ਵਿਦਿਆਰਥਣ ਅਵਨਤਿਕਾ ਸ਼ਰਮਾ ਪੁੱਤਰੀ ਬ੍ਰਿਜ ਮੋਹਨ ਸ਼ਰਮਾ ਨੇ 491/500 ਅੰਕਾਂ ਨਾਲ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਦਾ (ਬਠਿੰਡਾ) ਦੀ ਵਿਦਿਆਰਥਣ ਦਿਲਪ੍ਰੀਤ ਕੌਰ ਪੁੱਤਰੀ ਇਕਬਾਲ ਸਿੰਘ ਨੇ 489/500 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਸਰਕਾਰੀ ਵਿਕਟੋਰੀਆ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਪਟਿਆਲ਼ਾ ਦੀ ਵਿਦਿਆਰਥਣ ਹਰਸ਼ਪ੍ਰੀਤ ਕੌਰ ਪੁੱਤਰੀ ਰਾਜਿੰਦਰ ਸਿੰਘ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਨਾ ਨਗਰ ਦੇ ਵਿਦਿਆਰਥੀ ਅਜੈ ਸਿੰਘ ਪੁੱਤਰ ਸੁਰਜੀਤ ਸਿੰਘ ਨੇ 488/500 ਅੰਕ ਲੈ ਕੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। 

ਇਹ ਵੀ ਪੜ੍ਹੋ : ਮੁੱਖ ਸਕੱਤਰ ਨੇ ਸੂਬੇ ’ਚ ਕੌਮੀ ਮਾਰਗਾਂ ਤੇ ਰੇਲਵੇ ਪ੍ਰਾਜੈਕਟਾਂ ਲਈ ਰਹਿੰਦੇ ਕੰਮ ਜਲਦ ਪੂਰਾ ਕਰਨ ਦੇ ਦਿੱਤੇ ਆਦੇਸ਼

ਸਿੱਖਿਆ ਮੰਤਰੀ  ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ  ਦੀ ਅਗਵਾਈ ਵਾਲੀ ਸਰਕਾਰ ਦੀਆਂ ਸਿੱਖਿਆ ਸੁਧਾਰ ਨੀਤੀਆਂ ਦਾ ਅਸਰ ਦਿਖਣਾ ਸ਼ੁਰੂ ਹੋ ਚੁੱਕਾ ਹੈ, ਜਿਸ ਨਾਲ ਸਰਕਾਰੀ ਸਕੂਲਾਂ ਦਾ ਸਿੱਖਿਆ ਮਿਆਰ ਸੁਧਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਧੀਆ ਨਤੀਜੇ ਲਿਆਉਣ ਵਾਸਤੇ ‘‘ਮਿਸ਼ਨ ਸੌ ਪ੍ਰਤੀਸ਼ਤ’’ ਮੁਹਿੰਮ ਪੂਰੀ ਤਰ੍ਹਾਂ ਸਫ਼ਲ ਰਹੀ। ਬੈਂਸ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਬੀਤੇ ਦਿਨੀਂ ਐਲਾਨੇ ਗਏ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਬੋਰਡ ਨਤੀਜਿਆਂ ’ਚ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਕੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਸੀ। ਸਿੱਖਿਆ ਮੰਤਰੀ ਅਨੁਸਾਰ ਉਨ੍ਹਾਂ ਦਾ ਸੁਪਨਾ ਪੰਜਾਬ ਦੇ ਸਕੂਲ ਸਿੱਖਿਆ ਸਿਸਟਮ ਨੂੰ ਵਿਸ਼ਵ ਪੱਧਰੀ ਮਿਆਰਾਂ ਵਾਲਾ ਬਣਾਉਣ ਦਾ ਹੈ ਜਿਸਦੀ ਪੂਰਤੀ ਵਾਸਤੇ ਲਗਾਤਾਰ ਯਤਨ ਜਾਰੀ ਹਨ।

ਇਹ ਵੀ ਪੜ੍ਹੋ : ਚੰਨੀ ਭਾਣਜੇ ਜਾਂ ਭਤੀਜੇ ਕੋਲੋਂ ਪੁੱਛ ਲੈਣ ਨਹੀਂ ਤਾਂ ਮੈਂ ਖਿਡਾਰੀ ਨੂੰ ਸਾਹਮਣੇ ਲੈ ਆਵਾਂਗਾ : ਭਗਵੰਤ ਮਾਨ    

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News