12ਵੀਂ ਜਮਾਤ ਦੀ ਪ੍ਰੀਖਿਆ ਅੱਜ ਤੋਂ ਸ਼ੁਰੂ

02/28/2018 11:13:13 AM

ਜਲੰਧਰ (ਸੁਮਿਤ ਦੁੱਗਲ)— ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਣ ਵਾਲੀ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 28 ਫਰਵਰੀ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਹੈ, ਇਸ ਲਈ ਜ਼ਿਲਾ ਪੱਧਰ 'ਤੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜਾਣਕਾਰੀ ਮੁਤਾਬਕ ਜ਼ਿਲੇ ਭਰ ਵਿਚ 12ਵੀਂ ਦੀ ਪ੍ਰੀਖਿਆ ਲਈ ਕੁਲ 127 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ। ਪ੍ਰੀਖਿਆ ਕੇਂਦਰਾਂ 'ਤੇ ਕੁਲ 23,415 ਵਿਦਿਆਰਥੀ ਪ੍ਰੀਖਿਆ ਵਿਚ ਬੈਠਣਗੇ। ਇਨ੍ਹਾਂ ਵਿਚ 20,731 ਰੈਗੂਲਰ ਵਿਦਿਆਰਥੀ ਅਤੇ 2684 ਓਪਨ ਸਕੂਲ ਦੇ ਵਿਦਿਆਰਥੀ ਸ਼ਾਮਲ ਹੋਣਗੇ। 
ਇਸ ਵਾਰ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਆਪਣੇ ਸਕੂਲ ਵਿਚ ਬਣੇ ਪ੍ਰੀਖਿਆ ਕੇਂਦਰ ਵਿਚ ਨਹੀਂ ਸਗੋਂ ਕਿਸੇ ਹੋਰ ਸਕੂਲ ਵਿਚ ਪ੍ਰੀਖਿਆ ਕੇਂਦਰਾਂ 'ਤੇ ਜਾਣਾ ਹੋਵੇਗਾ ਅਤੇ ਪਹੁੰਚਣ ਦੀ ਜ਼ਿੰਮੇਵਾਰੀ ਵੀ ਵਿÎਦਿਆਰਥੀਆਂ ਦੀ ਆਪਣੀ ਹੀ ਹੋਵੇਗੀ। ਹਾਲਾਂਕਿ ਵਿਦਿਆਰਥੀਆਂ ਦੇ ਜੋ ਪ੍ਰੀਖਿਆ ਕੇਂਦਰ ਬਦਲੇ ਗਏ ਹਨ, ਉਹ 3 ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਹੀ ਰੱਖੇ ਗਏ ਹਨ ਪਰ ਫਿਰ ਵੀ ਪਹਿਲੇ ਦਿਨ ਤਾਂ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 12ਵੀਂ ਦੇ ਪੇਪਰ 2 ਤੋਂ 5 ਵਜੇ ਤੱਕ ਹੀ ਹੋਣਗੇ। 10ਵੀਂ ਜਮਾਤ ਦੀ ਬੋਰਡ ਪ੍ਰੀਖਿਆ 12 ਮਾਰਚ ਤੋਂ ਸ਼ੁਰੂ ਹੋਵੇਗੀ।
9 ਤੋਂ ਜ਼ਿਆਦਾ ਫਲਾਇੰਗ ਟੀਮਾਂ ਰੱਖਣਗੀਆਂ ਨਜ਼ਰ
ਪੰਜਾਬ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ 'ਤੇ 9 ਤੋਂ ਜ਼ਿਆਦਾ ਫਲਾਇੰਗ ਟੀਮਾਂ ਨਜ਼ਰ ਰੱਖਣਗੀਆਂ। ਜਾਣਕਾਰੀ ਮੁਤਾਬਕ ਬੋਰਡ ਵੱਲੋਂ ਜ਼ਿਲੇ ਵਿਚ ਅਧਿਕਾਰਕ ਤੌਰ 'ਤੇ 9 ਟੀਮਾਂ ਸਥਾਪਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਵੀ ਫਲਾਇੰਗ ਟੀਮਾਂ ਚੈਕਿੰਗ ਲਈ ਆ ਸਕਦੀਆਂ ਹਨ। 
ਨਕਲ ਰਹਿਤ ਪ੍ਰੀਖਿਆ ਲਈ ਕਮਰ ਕੱਸੀ: ਡੀ. ਈ. ਓ.
ਪ੍ਰੀਖਿਆਵਾਂ ਨੂੰ ਲੈ ਕੇ ਜ਼ਿਲਾ ਸਿੱਖਿਆ ਅਧਿਕਾਰੀ ਰਾਮ ਸਿੰਘ ਦਾ ਕਹਿਣਾ ਹੈ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਾਰੇ ਸਟਾਫ ਵਲੋਂ ਨਕਲ ਰਹਿਤ ਪ੍ਰੀਖਿਆ ਕਰਵਾਉਣ ਲਈ ਕਮਰ ਕੱਸ ਲਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਵੀ ਪ੍ਰੀਖਿਆ ਕੇਂਦਰਾਂ 'ਚ ਚੈਕਿੰਗ ਲਈ ਨਿਕਲਣਗੇ। 


Related News