ਹੁਸੈਨੀਵਾਲਾ ਹੈੱਡ ਵਰਕਸ ਤੋਂ ਛੱਡਿਆ 125496 ਕਿਊਸਿਕ ਪਾਣੀ, ਪਿੰਡ ਮੁਹਾਰ ਜਮਸ਼ੇਰ ਵਿਖੇ ਡੁੱਬੀ ਫਸਲ

Wednesday, Jul 12, 2023 - 02:18 AM (IST)

ਹੁਸੈਨੀਵਾਲਾ ਹੈੱਡ ਵਰਕਸ ਤੋਂ ਛੱਡਿਆ 125496 ਕਿਊਸਿਕ ਪਾਣੀ, ਪਿੰਡ ਮੁਹਾਰ ਜਮਸ਼ੇਰ ਵਿਖੇ ਡੁੱਬੀ ਫਸਲ

ਫਾਜ਼ਿਲਕਾ (ਨਾਗਪਾਲ, ਲੀਲਾਧਰ)–ਹੁਸੈਨੀਵਾਲਾ ਹੈੱਡ ਵਰਕਸ ਤੋਂ ਮੰਗਲਵਾਰ ਸ਼ਾਮ 5 ਵਜੇ 125496 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਕਾਰਨ ਫਾਜ਼ਿਲਕਾ ਦੇ ਸਰਹੱਦੀ ਖੇਤਰਾਂ ’ਚ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਿੰਡਾਂ ’ਚੋਂ ਸੁਰੱਖਿਅਤ ਕੱਢਣ ਦੇ ਸਾਰੇ ਇੰਤਜ਼ਾਮ ਕਰ ਲਏ ਗਏ ਹਨ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ, ਐੱਸ. ਐੱਸ. ਪੀ. ਅਵਨੀਤ ਕੌਰ ਸਿੱਧੂ, ਏ. ਡੀ. ਸੀ. ਵਿਕਾਸ ਅਮਿਤ ਪੰਚਾਲ, ਏ. ਡੀ. ਸੀ. ਜਨਰਲ ਅਵਨੀਤ ਕੌਰ ਨੇ ਕਾਵਾਂਵਾਲੀ ਪੱਤਣ ਅਤੇ ਮੁਹਾਰ ਜਮਸ਼ੇਰ ਵਿਖੇ ਪੱਤਣ ਪੋਸਟ ਦਾ ਦੌਰਾ ਕਰ ਕੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ’ਚ ਖ਼ਤਰਾ ਬਰਕਰਾਰ, ਭਾਖੜਾ ਡੈਮ ਤੋਂ ਛੱਡਿਆ ਜਾਵੇਗਾ ਹੋਰ ਪਾਣੀ

PunjabKesari

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸੈਨੀਵਾਲਾ ਤੋਂ ਛੱਡਿਆ ਜਾ ਰਿਹਾ ਪਾਣੀ ਵੱਡੀ ਮਾਤਰਾ ’ਚ ਕਾਵਾਂਵਾਲੀ ਪੱਤਣ ਅਤੇ ਮੁਹਾਰ ਜਮਸ਼ੇਰ ਵਿਖੇ ਪੁੱਜਿਆ ਹੈ ਅਤੇ ਬਹੁਤ ਜ਼ਿਆਦਾ ਪਾਣੀ ਹੋਰ ਆ ਰਿਹਾ ਹੈ। ਇਸ ਲਈ ਉਨ੍ਹਾਂ ਸਤਲੁਜ ਦੀ ਕਰੀਕ ਦੇ ਪੱਛਮ ਵਾਲੇ ਦੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਆਉਣ ਦੀ ਅਪੀਲ ਕੀਤੀ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਟਰੈਕਟਰ-ਟਰਾਲੀਆਂ ਦਾ ਪ੍ਰਬੰਧ ਵੀ ਕੀਤਾ ਹੈ। ਇਸ ਤੋਂ ਬਿਨਾਂ ਕਰੀਕ ਦੇ ਧੁੱਸੀ ਬੰਨ੍ਹ ’ਤੇ ਕਿਸੇ ਵੀ ਸੰਭਾਵਿਤ ਖਤਰੇ ਨੂੰ ਟਾਲਣ ਲਈ ਮਿੱਟੀ ਦੀਆਂ ਬੋਰੀਆਂ ਵੀ ਭਰੀਆਂ ਜਾ ਰਹੀਆਂ ਹਨ। ਕਾਵਾਂਵਾਲੀ ਪੱਤਣ ’ਤੇ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਮੁਹਾਰ ਜਮਸ਼ੇਰ ’ਚ ਵੀ ਇਕ ਕੰਟਰੋਲ ਰੂਮ ਬਣਾਉਣ ਦੀ ਹਦਾਇਤ ਕੀਤੀ ਕਿਉਂਕਿ ਇਹ ਪਿੰਡ ਤਿੰਨ ਪਾਸਿਆਂ ਤੋਂ ਪਾਕਿਸਤਾਨ ਨਾਲ ਘਿਰਿਆ ਹੈ, ਜਦਕਿ ਇਕ ਪਾਸੇ ਸਤਲੁਜ ਦੀ ਕਰੀਕ ਹੈ। ਇਸ ਲਈ ਇਸ ਪਿੰਡ ਦੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇੱਥੇ ਕੰਟਰੋਲ ਰੂਮ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਸਤਲੁਜ ਦੀ ਕਰੀਕ ਹੋਣ ਕਾਰਨ ਪਿੰਡ ਦੀ ਕਾਫੀ ਸਾਰੀ ਫਸਲ ਪਾਣੀ ’ਚ ਡੁੱਬ ਗਈ ਹੈ। ਹੁਣ ਪਿੱਛੋਂ ਤੇਜ਼ੀ ਨਾਲ ਪਾਣੀ ਆਉਣ ਕਾਰਨ ਇਹ ਲੋਕਾਂ ਦੇ ਘਰਾਂ ’ਚ ਵੜਨ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਖੂਹੀ ’ਚ ਉੱਤਰੇ ਪੰਜਾਬੀ ਨੌਜਵਾਨ ਤੇ 2 ਪ੍ਰਵਾਸੀਆਂ ਨਾਲ ਵਾਪਰੀ ਅਣਹੋਣੀ, ਇਕ-ਇਕ ਕਰਕੇ ਤਿੰਨਾਂ ਦੀ ਗਈ ਜਾਨ

PunjabKesari

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਭਾਵਿਤ ਹੜ੍ਹਾਂ ਦੇ ਖਤਰੇ ਦਾ ਸਾਹਮਣਾ ਕਰਨ ਵਾਲੇ ਪਿੰਡਾਂ ’ਚ ਜੇ. ਸੀ. ਬੀ. ਮਸ਼ੀਨਾਂ, ਟਰੈਕਟਰ-ਟਰਾਲੀਆਂ, ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਬਿਨਾਂ ਖਾਣੇ ਦੇ ਪੈਕੇਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਜਦਕਿ ਪਸ਼ੂਆਂ ਲਈ ਚਾਰੇ ਦਾ ਵੀ ਪ੍ਰਬੰਧ ਹੈ ਤਾਂ ਜੋ ਜਿਨ੍ਹਾਂ ਲੋਕਾਂ ਨੂੰ ਪਿੰਡ ਖਾਲੀ ਕਰ ਕੇ ਆਉਣਾ ਪਵੇ, ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਹੜ੍ਹ ਕੰਟਰੋਲ ਰੂਮ 24 ਘੰਟੇ ਕੰਮ ਕਰ ਰਹੇ ਹਨ। ਕੋਈ ਵੀ ਮੁਸ਼ਕਿਲ ਸਮੇਂ ਲੋਕ ਫੋਨ ਨੰਬਰ 01638—262153 ’ਤੇ ਸੰਪਰਕ ਕਰ ਸਕਦੇ ਹਨ ਜਾਂ ਪਿੰਡਾਂ ’ਚ ਤਾਇਨਾਤ ਰਾਹਤ ਟੀਮਾਂ ਨਾਲ ਸੰਪਰਕ ਕਰ ਸਕਦੇ ਹਨ। ਜ਼ਿਲ੍ਹੇ ’ਚ 17 ਰਾਹਤ ਕੈਂਪ ਵੀ ਬਣਾਏ ਜਾ ਚੁੱਕੇ ਹਨ ਤਾਂ ਜੋ ਲੋਕਾਂ ਨੂੰ ਇੱਥੇ ਠਹਿਰਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕਾਵਾਂਵਾਲੀ ਪੱਤਣ ’ਤੇ ਮੰਗਲਵਾਰ ਸ਼ਾਮ ਪਾਣੀ ਨਦੀ ਦੇ ਕਿਨਾਰਿਆਂ ਦੇ ਅੰਦਰ ਹੈ ਪਰ ਰਾਤ ਤੱਕ ਪਾਣੀ ਵਧਣ ਦੀ ਆਸ ਹੈ। ਉਧਰ ਵਿਧਾਇਕ ਸਵਨਾ ਨੇ ਸਤਲੁਜ ਤੋਂ ਫਾਜ਼ਿਲਕਾ ਸ਼ਹਿਰ ਵੱਲ ਆਉਂਦੇ ਹੋਏ ਰਸਤੇ ’ਚ ਬਣਾਏ ਗਏ ਮੌਜਮ ਬੰਨ੍ਹ ਨੂੰ ਮਜ਼ਬੂਤ ਕੀਤੇ ਜਾਣ ਦੇ ਕੰਮ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਐੱਸ. ਡੀ. ਐੱਮ. ਅਕਾਸ਼ ਬਾਂਸਲ, ਤਹਿਸੀਲਦਾਰ ਸੁਖਦੇਵ ਸਿੰਘ, ਡੀ. ਡੀ. ਪੀ. ਓ. ਸੰਜੀਵ ਕੁਮਾਰ, ਬੀ. ਡੀ. ਪੀ. ਓ. ਪਿਆਰ ਸਿੰਘ, ਕਾਰਜਕਾਰੀ ਇੰਜੀਨੀਅਰ ਅਲੋਕ ਚੌਧਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


author

Manoj

Content Editor

Related News