ਚੋਰੀ ਦੇ ਦੋਸ਼ ’ਚ 12 ਸਾਲ ਦੇ ਬੱਚੇ ਨੂੰ ਸਕੂਲ ਤੋਂ ਚੁੱਕ ਕੇ ਕੁੱਟਿਆ

Friday, Sep 13, 2019 - 02:01 AM (IST)

ਅੰਮ੍ਰਿਤਸਰ, (ਸਫਰ)- ਦਰੋਗਾ ਸਾਹਿਬ! ਮੇਰੇ ਬੇਟੇ ਨੂੰ ਨਸ਼ਾ ਸਮੱਗਲਰਾਂ ਤੋੋਂ ਬਚਾ ਲਓ, ਬਾਈਕ ਚਲਾਉਣ ਦਾ ਲਾਲਚ ਦੇ ਕੇ ਉਸ ਤੋਂ ਨਸ਼ੇ ਦੀ ਹੋਮ ਡਲਿਵਰੀ ਕਰਵਾਉਂਦੇ ਹਨ। ਅਜਿਹੇ ’ਚ ਹੁਣ ਉਨ੍ਹਾਂ ਲੋਕਾਂ ਨੇ 7 ਹਜ਼ਾਰ ਰੁਪਏ ਚੋਰੀ ਦਾ ਦੋਸ਼ ਲਾਉਂਦਿਆਂ ਪੁਲਸ ਨੂੰ ਝੂਠੀ ਸ਼ਿਕਾਇਤ ਦੇ ਕੇ ਮੇਰੇ ਬੇਟੇ ਨੂੰ ਸਕੂਲ ਤੋਂ ਚੁੱਕ ਕੇ ਪਹਿਲਾਂ ਕੁੱਟਿਆ-ਮਾਰਿਆ ਤੇ ਬਾਅਦ ’ਚ ਪੁਲਸ ਥਾਣੇ ਛੱਡ ਗਏ। ਅਖੀਰ ਮੇਰੇ ਬੇਟੇ ਦਾ ਕਸੂਰ ਕੀ ਹੈ। ਪੁਲਸ ਇਨਸਾਫ ਕਰੇ। ਇਹ ਮੰਗ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਦੇ ਸਾਹਮਣੇ ਨਾਬਾਲਗ ਦੇ ਪਰਿਵਾਰਕ ਮੈਂਬਰ ਬੱਚੇ ਨੂੰ ਪੁਲਸ ਹਿਰਾਸਤ ’ਚੋਂ ਛੱਡਣ ਦੀ ਕਰ ਰਹੇ ਸਨ। ਹਾਲਾਂਕਿ ਮਾਮਲਾ ਸੋਸ਼ਲ ਮੀਡੀਆ ਤੱਕ ਪੁੱਜਣ ਤੋਂ ਪਹਿਲਾਂ ਹੀ ਪੁਲਸ ਨੇ ਬੱਚੇ ਨੂੰ ਛੱਡ ਦਿੱਤਾ ਅਤੇ ਬੱਚੇ ਦੇ ਪਰਿਵਾਰ ਵਾਲਿਆਂ ਵੱਲੋਂ ਨਸ਼ੇ ਦੇ ਸਮੱਗਲਰਾਂ ਖਿਲਾਫ ਸਾਰੀ ਜਾਣਕਾਰੀ ਦੇਣ ਦੇ ਬਾਵਜੂਦ ਪੁਲਸ ਖਾਮੋਸ਼ ਰਹੀ। ਇਸ ਦੌਰਾਨ ਬੱਚੇ ਦਾ ਪੇਪਰ ਵੀ ਛੁੱਟ ਗਿਆ।

ਥਾਣਾ ਰਣਜੀਤ ਐਵੀਨਿਊ ਦੇ ਬਾਹਰ ਬੱਚੇ ਦੇ ਪਰਿਵਾਰ ਵਾਲਿਆਂ ਨੇ ‘ਜਗ ਬਾਣੀ’ ਨਾਲ ਗੱਲਬਾਤ ’ਚ ਪੁਲਸ ’ਤੇ ਦੋਸ਼ ਲਾਏ ਕਿ ਪੁਲਸ ਚਾਹੇ ਤਾਂ ਨਸ਼ਾ ਬੰਦ ਹੋ ਸਕਦਾ ਹੈ। ਪੁਲਸ ਨਸ਼ਾ ਬੰਦ ਕਰਵਾਉਣਾ ਹੀ ਨਹੀਂ ਚਾਹੁੰਦੀ। ਉਸ ਦੇ ਬੱਚੇ ’ਤੇ 7 ਹਜ਼ਾਰ ਦੀ ਚੋਰੀ ਦਾ ਦੋਸ਼ ਬੇਬੁਨਿਆਦ ਹੈ। ਨਸ਼ਾ ਸਮੱਗਲਰ ਉਸ ਨੂੰ ਬਾਈਕ ਚਲਾਉਣ ਦਾ ਲਾਲਚ ਦੇ ਕੇ ਪੁਡ਼ੀਆਂ ਪਹੁੰਚਾਉਂਦੇ ਸਨ, ਇਸ ਵਿਚ ਕਾਗਜ਼ ’ਚ ਲਿਪਟੇ 7 ਹਜ਼ਾਰ ਰੁਪਏ ਕਿਥੋਂ ਆਏ ਤੇ ਕਿਥੇ ਡਿੱਗੇ, ਬਾਰੇ ਬੱਚੇ ਨੂੰ ਨਹੀਂ ਪਤਾ। ਅਜਿਹੇ ’ਚ ਨਸ਼ਾ ਸਮੱਗਲਰ ਬੱਚੇ ਨੂੰ ਸਕੂਲ (ਹਾਊਸਿੰਗ ਬੋਰਡ ਕਾਲੋਨੀ ਨੇਡ਼ੇ) ਤੋਂ ਜਬਰਨ ਲੈ ਗਏ ਤੇ ਉਸ ਨੂੰ ਕੁੱਟਿਆ-ਮਾਰਿਆ ਤੇ ਪੁਲਸ ਕੋਲ ਛੱਡ ਗਏ।

ਬੱਚਿਆਂ ਤੋਂ ਨਸ਼ੇ ਦੀ ਹੋਮ ਡਲਿਵਰੀ ਕਰਵਾ ਰਹੇ ਹਨ ਨਸ਼ਾ ਸਮੱਗਲਰ

ਬੱਚਿਆਂ ਤੋਂ ਨਸ਼ੇ ਦੀ ਹੋਮ ਡਲਿਵਰੀ ਕਰਵਾਉਣ ਦਾ ਇਹ ਮਾਮਲਾ ਭਲੇ ਹੀ ਪੁਲਸ ਨੇ ਹਲਕੇ ’ਚ ਲੈ ਲਿਆ ਪਰ ਮਾਮਲਾ ਵੱਡਾ ਹੈ ਅਤੇ ਵੀਡੀਓ ’ਚ ਸਾਫ਼-ਸਾਫ਼ ਬੱਚੇ ਦੇ ਪਰਿਵਾਰ ਵਾਲੇ ਕਹਿ ਰਹੇ ਹਨ ਕਿ ਚਿੱਟਾ ਵੇਚਣ ਵਾਲੇ ਬੱਚੇ ਦੇੇ ਹੱਥੋਂ ਨਸ਼ਾ ਵਿਕਾ ਰਹੇ ਹਨ, ਬੱਚੇ ਦਾ ਬਿਆਨ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ। ਇਹ ਮਾਮਲਾ ਰਣਜੀਤ ਐਵੀਨਿਊ ਦੀ ਹਾਊਸਿੰਗ ਬੋਰਡ ਕਾਲੋਨੀ ਸਥਿਤ ਲਾਲ ਕੁਆਰਟਰ ਨਾਲ ਜੁਡ਼ਿਆ ਹੈ, ਜਿਥੇ ਪਿਛਲੇ ਦਿਨੀਂ ਜ਼ੰਜੀਰਾਂ ’ਚ ਬੱਝੀ ਔਰਤ ਨੂੰ ਨਸ਼ਾ ਪਹੁੰਚਾਉਣ ਲਈ ਬੱਚੇ ਨੂੰ ਨਸ਼ਾ ਸਮੱਗਰਾਂ ਨੇ ਭੇਜਿਆ ਸੀ, ਜਿੱਥੇ ਔਰਤ ਦੀ ਮਾਂ ਨੇ ਰੰਗੇ ਹੱਥੀਂ ਫਡ਼ਿਆ ਸੀ। ਬੱਚੇ ਨੇ ਦੱਸਿਆ ਸੀ ਕਿ ਉਸ ਨੂੰ ਇਹ ‘ਪੁਡ਼ੀ’ ਮੁਹੱਲੇ ਦੇ ਇਕ ਨੌਜਵਾਨ ਨੇ ਦਿੱਤੀ ਸੀ।

ਪੁਲਸ ਦੀ ਵੀਡੀਓ ਬਣਾ ਕੇ ਸੰਸਦ ਮੈਂਬਰ ਨੂੰ ਭੇਜੀ

ਨਾਬਾਲਗ ਬੱਚੇ ਦੀ ਪੁਲਸ ਹਿਰਾਸਤ ਦੌਰਾਨ ਪੁਲਸ ਵਾਲਿਆਂ ਨਾਲ ਹੋਣ ਵਾਲੀ ਗੱਲਬਾਤ ਮੋਬਾਇਲ ’ਚ 2 ਮਿੰਟ 40 ਸੈਕਿੰਡ ਦੀ ਬਣਾ ਕੇ ਜ਼ਿਲੇ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਭੇਜੀ ਗਈ। ‘ਜਗ ਬਾਣੀ’ ਕੋਲ ਵੀ ਵੀਡੀਓ ਹੈ, ਜਿਸ ’ਚ ਬੱਚੇ ਦੇ ਪਰਿਵਾਰ ਵਾਲੇ ਕਹਿ ਰਹੇ ਹਨ ਕਿ ਜਦੋਂ ਅਸੀਂ ਇਲਾਕੇ ’ਚ ਨਸ਼ਾ ਵੇਚਣ ਵਾਲੇ ਉਨ੍ਹਾਂ ਲੋਕਾਂ ਦੇ ਨਾਂ ਦੱਸ ਰਹੇ ਹਾਂ ਤਾਂ ਉਨ੍ਹਾਂ ਨੂੰ ਫਡ਼ਿਆ ਕਿਉਂ ਨਹੀਂ ਜਾ ਰਿਹਾ, ਸਾਡੇ ਬੱਚੇ ਦਾ ਬਿਆਨ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ।

ਚੋਰੀ ਦਾ ਮਾਮਲਾ ਸੀ, ਰਾਜ਼ੀਨਾਮਾ ਹੋ ਗਿਆ ਹੈ : ਥਾਣਾ ਮੁਖੀ

ਥਾਣਾ ਰਣਜੀਤ ਐਵੀਨਿਊ ਦੇ ਮੁਖੀ ਏ. ਐੱਸ. ਆਈ. ਕਮਲਮੀਤ ਸਿੰਘ ਨੇ ਕਿਹਾ ਕਿ ਮੰਦਰ ’ਚੋਂ ਚੋਰੀ ਕਰਨ ਦੇ ਦੋਸ਼ ’ਚ ਸ਼ਿਕਾਇਤ ਆਈ ਸੀ, ਬੱਚੇ ਤੋਂ ਪੁੱਛਗਿੱਛ ਕੀਤੀ ਗਈ। ਦੋਵਾਂ ’ਚ ਰਾਜ਼ੀਨਾਮਾ ਹੋ ਗਿਆ ਹੈ। ਇਸ ਮਾਮਲੇ ’ਚ ਨਸ਼ਾ ਕਿਥੋਂ ਆ ਗਿਆ। ਅਜਿਹਾ ਕੋਈ ਮਾਮਲਾ ਨਹੀਂ ਹੈ, ਜੇਕਰ ਮੀਡੀਆ ਦੇ ਨੋਟਿਸ ’ਚ ਅਜਿਹਾ ਮਾਮਲਾ ਹੈ ਤਾਂ ਸਵੇਰੇ ਜਾਂਚ ਕਰਦਾ ਹੈ।


Bharat Thapa

Content Editor

Related News