ਜ਼ਿਲ੍ਹਾ ਸਿੱਖਿਆ ਵਿਭਾਗ ਦੀ ਸਖ਼ਤੀ ਨਾਲ 116 ਪ੍ਰਾਈਵੇਟ ਸਕੂਲਾਂ ਦੀ ਜਾਂਚ, 32 ਸਕੂਲਾਂ ਨੂੰ ਚਿਤਾਵਨੀ ਪੱਤਰ ਜਾਰੀ
Saturday, Apr 23, 2022 - 10:11 AM (IST)
ਅੰਮ੍ਰਿਤਸਰ (ਦਲਜੀਤ) - ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ 15 ਬਲਾਕਾਂ ਵਿਚ ਗਠਿਤ ਕੀਤੀਆਂ 15 ਜਾਂਚ ਟੀਮਾਂ ਨੇ ਸ਼ੁੱਕਰਵਾਰ ਨੂੰ 116 ਪ੍ਰਾਈਵੇਟ ਸਕੂਲਾਂ ਵਿਚ ਜਾਂਚ ਕੀਤੀ। ਇਨ੍ਹਾਂ ਵਿਚੋਂ 32 ਸਕੂਲਾਂ ਵਿਚ ਫੀਸਾਂ ਦੇ ਵਾਧੇ, ਕਿਤਾਬਾਂ ਅਤੇ ਵਰਦੀਆਂ ਨੂੰ ਲੈ ਕੇ ਚਿਤਾਵਨੀ ਪੱਤਰ ਜਾਰੀ ਕੀਤਾ ਗਿਆ ਅਤੇ ਦੋ ਦਿਨ ਦਾ ਸਮਾਂ ਦਿੱਤਾ ਗਿਆ ਕਿ ਉਹ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਨਿਯਮਾਂ ਅਨੁਸਾਰ ਕਿਤਾਬਾਂ, ਵਰਦੀਆਂ ਦੇਣ ਵਾਲੇ ਦੁਕਾਨਾਂ ਦੀ ਸੂਚੀ ਨੋਟਿਸ ਬੋਰਡ ’ਤੇ ਪ੍ਰਕਾਸ਼ਿਤ ਕਰਨ।
ਜ਼ਿਲ੍ਹਾ ਸਿੱਖਿਆ ਦਫ਼ਤਰ ਵਿਚ ਬਣਾਏ ਗਏ ਕੰਟਰੋਲ ਰੂਮ ਵਿਚ ਵੱਖ-ਵੱਖ ਸਕੂਲਾਂ ਦੀਆਂ 4 ਸ਼ਿਕਾਇਤਾਂ ਮਾਪਿਆਂ ਨੇ ਕੀਤੀਆਂ। ਸ਼ੁੱਕਰਵਾਰ ਨੂੰ 12ਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਕਾਰਨ ਜ਼ਿਆਦਾਤਰ ਸਰਕਾਰੀ ਕਰਮਚਾਰੀ ਪ੍ਰੀਖਿਆਵਾਂ ਵਿਚ ਰੁੱਝੇ ਹੋਏ ਸਨ, ਜਿਸ ਕਾਰਨ ਚੈਕਿੰਗ ਮੁਹਿੰਮ ਮੱਠੀ ਰਹੀ। ਮਾਪਿਆਂ ਨੇ ਕੰਟਰੋਲ ਰੂਮ ਵਿਚ ਮੁੱਖ ਤੌਰ ’ਤੇ ਪ੍ਰਾਈਵੇਟ ਸਕੂਲਾਂ ਵਿਚ ਫੀਸਾਂ ਵਿਚ ਵਾਧੇ, ਸਕੂਲਾਂ ਵਿੱਚੋਂ ਕਿਤਾਬਾਂ ਅਤੇ ਵਰਦੀਆਂ ਖਰੀਦਣ ਦੀਆਂ ਸ਼ਿਕਾਇਤਾਂ ਕੀਤੀਆਂ।
ਸਰਕਾਰੀ ਨਿਯਮਾਂ ਦੀ ਹਰ ਹਾਲਤ ਵਿਚ ਪਾਲਣਾ ਕੀਤੀ ਜਾਵੇਗੀ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰੀ ਨਿਯਮਾਂ ਦੀ ਹਰ ਹਾਲਤ ਵਿਚ ਪਾਲਣਾ ਕੀਤੀ ਜਾਵੇਗੀ। ਸਕੂਲਾਂ ਦਾ ਨਿਰੀਖਣ ਕਰਦਿਆਂ ਜੇਕਰ ਕਿਸੇ ਮਾਪਿਆਂ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਹ ਸਿੱਧੇ ਨੋਡਲ ਅਫ਼ਸਰਾਂ ਨਾਲ ਸੰਪਰਕ ਕਰ ਸਕਦਾ ਹੈ।
ਲਗਾਤਾਰ ਜਾਂਚ ਕੀਤੀ ਜਾ ਰਹੀ ਐ : ਰਾਜੇਸ਼ ਸ਼ਰਮਾ
ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬਲਾਕ ਸਿੱਖਿਆ ਅਫ਼ਸਰ ਵਲੋਂ ਸਕੂਲਾਂ ਵਿਚ ਰਿਕਾਰਡ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ, ਜਿਸ ਰਿਕਾਰਡ ਵਿਚ ਛੋਟੀਆਂ-ਮੋਟੀਆਂ ਖਾਮੀਆਂ ਹਨ, ਉਨ੍ਹਾਂ ਨੂੰ 2 ਦਿਨਾਂ ਦੀ ਚਿਤਾਵਨੀ ਦੇ ਕੇ ਠੀਕ ਕੀਤਾ ਜਾ ਰਿਹਾ ਹੈ। ਰਾਜੇਸ਼ ਸਰਮਾ ਨੇ ਕਿਹਾ ਕਿ ਮਾਪਿਆਂ ਦੀਆਂ ਸ਼ਿਕਾਇਤਾਂ ਲਗਾਤਾਰ ਨੋਡਲ ਅਫ਼ਸਰਾਂ ਕੋਲ ਆ ਰਹੀਆਂ ਹਨ ਅਤੇ ਮਾਪੇ ਵੀ ਕੰਟਰੋਲ ਰੂਮ ਵਿਚ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ।
ਗਲੀ-ਮੁਹੱਲਿਆਂ ’ਚ ਚੱਲਣ ਵਾਲੇ ਸਕੂਲ ਸਿੱਖਿਆ ਵਿਭਾਗ ਦੇ ਮਾਪਦੰਡਾਂ ਨੂੰ ਨਹੀਂ ਕਰ ਰਹੇ ਪੂਰਾ
ਸਰਕਾਰ ਦੀ ਅਣਦੇਖੀ ਕਾਰਨ ਗਲੀ-ਮੁਹੱਲਿਆਂ ਵਿਚ ਚੱਲਣ ਵਾਲੇ ਸਕੂਲ ਸਿੱਖਿਆ ਵਿਭਾਗ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੇ। ਇਹ ਸਕੂਲ ਨਾ ਤਾਂ ਸਰਕਾਰੀ ਗਾਈਡ-ਲਾਈਨ ਅਨੁਸਾਰ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੇ ਹਨ ਅਤੇ ਨਾ ਇਨ੍ਹਾਂ ਵਿਚ ਯੋਗ ਸਟਾਫ ਹੈ। ਸਰਕਾਰ ਦੀ ਲਾਪ੍ਰਵਾਹੀ ਕਾਰਨ ਇਨ੍ਹਾਂ ਸਕੂਲਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਇਹ ਸਕੂਲ ਆਪਣੀ ਹਰ ਰੋਜ਼ ਕਮਾਈ ਵਧਾ ਰਹੇ ਹਨ ਅਤੇ ਸਰਕਾਰੀ ਗਾਈਡ-ਲਾਈਨ ਦੀ ਪਾਲਣਾ ਵੀ ਨਹੀਂ ਕਰ ਰਹੇ ਹਨ। ਸਰਕਾਰ ਨੂੰ ਇਨ੍ਹਾਂ ਸਕੂਲਾਂ ਦੇ ਰਿਕਾਰਡ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਰਕਾਰੀ ਨਿਰਦੇਸ਼ਾਂ ਦੀ ਜਿੱਥੇ ਪਾਲਣਾ ਹੋ ਸਕੇ, ਉਥੇ ਬੱਚੇ ਚੰਗੇ ਮਾਹੌਲ ਵਿਚ ਵਧੀਆ ਸਿੱਖਿਆ ਹਾਸਲ ਕਰ ਸਕਣ।