110 ਕਰੋੜ ਦੀ ਹੈਰੋਇਨ ਸਮੇਤ ਫੜੇ ਸਮੱਗਲਰਾਂ ਦਾ ਮਿਲਿਆ 7 ਦਿਨ ਦਾ ਪੁਲਸ ਰਿਮਾਂਡ
Monday, Nov 20, 2017 - 04:25 AM (IST)

ਫਿਰੋਜ਼ਪੁਰ, (ਕੁਮਾਰ)- ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਦੇ ਭਾਰਤ-ਪਾਕਿ ਬਾਰਡਰ 'ਤੇ ਬੀ. ਐੱਸ. ਐੱਫ. ਦੀ ਮਦਦ ਨਾਲ 110 ਕਰੋੜ ਦੇ ਅੰਤਰਰਾਸ਼ਟਰੀ ਮੁੱਲ ਦੀ 22 ਕਿਲੋ ਹੈਰੋਇਨ, ਵਿਦੇਸ਼ੀ ਪਿਸਤੌਲ ਅਤੇ ਪਾਕਿਸਤਾਨੀ ਮੋਬਾਇਲ ਫੋਨ ਦੀਆਂ ਸਿਮਾਂ ਸਮੇਤ ਫੜੇ ਗਏ ਤਿੰਨ ਕਥਿਤ ਸਮੱਗਲਰਾਂ ਗੁਰਦੀਪ ਸਿੰਘ ਪੁੱਤਰ ਜਰਨੈਲ ਸਿੰਘ, ਮਹਾਵੀਰ ਸਿੰਘ ਉਰਫ ਤੋਤਾ, ਸੁਖਬੀਰ ਸਿੰਘ ਸੋਨੀ ਪੁੱਤਰ ਨਿਰਵੈਰ ਸਿੰਘ ਵਾਸੀ ਧੁੰਨੇ ਢਾਹੇ ਵਾਲਾ ਜ਼ਿਲਾ ਤਰਨਤਾਰਨ ਨੂੰ ਅੱਜ ਸਬ-ਇੰਸਪੈਕਟਰ ਤਰਲੋਚਨ ਸਿੰਘ, ਰਜਵੰਤ ਸਿੰਘ ਅਤੇ ਏ. ਐੱਸ. ਆਈ. ਜਤਿੰਦਰਜੀਤ ਸਿੰਘ ਦੀ ਅਗਵਾਈ ਹੇਠ ਡਿਊਟੀ ਮੈਜਿਸਟ੍ਰੇਟ ਫਿਰੋਜ਼ਪੁਰ ਅਭਿਨਵ ਕਿਰਨ ਸੇਖੋਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਨਰਿੰਦਰਪਾਲ ਸਿੰਘ ਸਿੱਧੂ ਰੂਬੀ ਨੇ ਦੱਸਿਆ ਕਿ ਅਦਾਲਤ ਨੇ ਸਮੱਗਲਰਾਂ ਦਾ 7 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਫੜੇ ਗਏ ਕਥਿਤ ਸਮੱਗਲਰਾਂ ਨੇ ਪੁਲਸ ਦੇ ਸਾਹਮਣੇ ਮੰਨਿਆ ਹੈ ਕਿ ਉਨ੍ਹਾਂ ਨੂੰ ਪਾਕਿਸਤਾਨੀ ਸਮੱਗਲਰ ਨਵਾਜ਼ ਪੁੱਤਰ ਅਣਪਛਾਤੇ ਵਾਸੀ ਕਸੂਰ (ਪਾਕਿਸਤਾਨ) ਅਤੇ ਉਸ ਦਾ ਸਾਥੀ ਹੈਰੋਇਨ ਦੀ ਡਲਿਵਰੀ ਦੇਣ ਲਈ ਫਿਰੋਜ਼ਪੁਰ ਬਾਰਡਰ ਦੀ ਬੀ. ਓ. ਪੀ. ਸਤਪਾਲ 'ਤੇ ਆਇਆ ਸੀ। ਸਮੱਗਲਰਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਹੈਰੋਇਨ ਦੇ ਪੈਸੇ ਉਹ ਦਿੱਲੀ ਭੇਜਦੇ ਹਨ ਅਤੇ ਦਿੱਲੀ ਤੋਂ ਹਵਾਲਾ ਦੇ ਰਸਤੇ ਕੈਨੇਡਾ, ਅਮਰੀਕਾ ਪਹੁੰਚਾਏ ਜਾਂਦੇ ਹਨ ਅਤੇ ਫਿਰ ਉਥੋਂ ਪਾਕਿਸਤਾਨ ਦੇ ਸਮੱਗਲਰਾਂ ਤੱਕ ਪਹੁੰਚਾ ਦਿੱਤੇ ਜਾਂਦੇ ਹਨ। ਏ. ਆਈ. ਜੀ. ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਫਰਾਰ ਹੋਏ ਸਮੱਗਲਰ ਮਨਜੀਤ ਸਿੰਘ ਉਰਫ ਮੰਨਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।