ਫਿਰੋਜ਼ਪੁਰ ''ਚ ਵਾਪਰਿਆ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲਾ ਹਾਦਸਾ, 11 ਲੋਕਾਂ ਦੀ ਮੌਤ

02/17/2017 8:00:38 PM

ਮੱਖੂ (ਲਖਵਿੰਦਰ ਵਾਹੀ)- ਨੈਸ਼ਨਲ ਹਾਈਵੇ ''ਤੇ ਮੱਖੂ ਜ਼ੀਰਾ ਰੋਡ ਤੇ ਪੈਂਦੇ ਪਿੰਡ ਬਹਿਕ ਗੁੱਜਰਾਂ ਕੋਲ ਇੱਕ ਟਰਾਲਾ ਟਵੈਰਾ ਗੱਡੀ ''ਤੇ ਪਲਟ ਜਾਣ ਕਾਰਨ ਟਵੈਰਾ ਗੱਡੀ ''ਚ ਸਵਾਰ ਇੱਕ ਬੱਚੇ ਸਮੇਤ 11 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਟਵੈਰਾ ਗੱਡੀ ਜ਼ੀਰਾ ਵਾਲੇ ਪਾਸਿਓਂ ਮੱਖੂ ਵੱਲ ਨੂੰ ਆ ਰਹੀ ਸੀ ਅਤੇ ਇਸ ਵਿੱਚ ਪਿੰਡ ਪਲਾਸੌਰ (ਤਰਨਤਾਰਨ) ਦਾ ਇੱਕ ਪਰਿਵਾਰ ਸੀ ਅਤੇ ਪਿੱਛੋਂ ਜ਼ੀਰਾ ਵਾਲੇ ਪਾਸਿਓਂ ਹੀ ਆਉਂਦਾ ਇੱਕ ਟਰਾਲਾ ਜੋ ਕਿ ਕੋਲੇ ਅਤੇ ਲੂਨ ਨਾਲ ਭਰਿਆ ਹੋਇਆ ਸੀ, ਟਵੈਰਾ ਗੱਡੀ ਦੇ ਬਰਾਬਰ ਆ ਕੇ ਉਸ ਉੱਪਰ ਪਲਟ ਗਿਆ, ਜਿਸ ਨਾਲ ਟਵੈਰਾ ਗੱਡੀ ''ਚ ਸਵਾਰ ਅੱਠ ਨੌਜਵਾਨ, ਦੋ ਔਰਤਾਂ ਅਤੇ ਇੱਕ ਬੱਚਾ ਮੌਕੇ ''ਤੇ ਹੀ ਮਾਰੇ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲਾ ਟਵੈਰਾ ਗੱਡੀ ''ਤੇ ਪਲਟਣ ਕਾਰਨ ਟਵੈਰਾ ਗੱਡੀ ਬਿਲਕੁਲ ਜ਼ਮੀਨ ਦੇ ਨਾਲ ਪ੍ਰੈੱਸ ਹੋ ਗਈ, ਜਿਸ ਨਾਲ ਮ੍ਰਿਤਕਾਂ ਨੂੰ ਗੱਡੀ ਵਿੱਚੋਂ ਕੱਢਣ ''ਚ ਵੀ ਬਹੁਤ ਮੁਸ਼ਕਲ ਆਈ। 
ਜ਼ਿਕਰਯੋਗ ਹੈ ਕਿ ਮਰਨ ਵਾਲੇ ਪਰਿਵਾਰ ਦੇ ਮੈਂਬਰ ਪਿੰਡ ਪਲਾਸੌਰ ਦੇ ਉਸ ਪਰਿਵਾਰ ਨਾਲ ਸਬੰਧਤ ਸੀ, ਜੋ ਪਿਛਲੇ ਦਿਨੀਂ ਚੋਣਾਂ ਦੌਰਾਨ ਹੋਈ ਲੜਾਈ ਵਿੱਚ ਗੋਲੀ ਲੱਗਣ ਨਾਲ 1 ਬੰਦਾ ਵੀ ਮਰ ਗਿਆ ਸੀ ਅਤੇ ਇਸ ਪਰਿਵਾਰ ਨੂੰ ਸੁਰੱਖਿਆ ਵਜੋਂ 1 ਗੰਨਮੈਨ ਵੀ ਮਿਲਿਆ ਹੋਇਆ ਸੀ, ਜੋ ਖੁਸ਼ਕਿਸਮਤੀ ਕਾਰਨ ਸਹੀ-ਸਲਾਮਤ ਬਚ ਗਿਆ। ਪੁਲਸ ਥਾਣਾ ਜ਼ੀਰਾ ਅਤੇ ਮੱਖੂ ਵੱਲੋਂ ਘਟਨਾ ਸਥਾਨ ''ਤੇ ਪਹੁੰਚ ਕੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਜ਼ੀਰਾ ਹਸਪਤਾਲ ''ਚ ਪਹੁੰਚਾ ਦਿੱਤਾ ਗਿਆ ਹੈ। 

Babita Marhas

News Editor

Related News