ਧਰਨਾ ਦੇ ਰਹੇ ਕਿਸਾਨਾਂ ''ਚੋਂ 109 ਗ੍ਰਿਫਤਾਰ
Friday, Aug 11, 2017 - 06:46 AM (IST)

ਫਰੀਦਕੋਟ (ਹਾਲੀ) - ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੰਜਾਬ ਕਿਸਾਨ ਸੰਗਠਨ ਦੇ 150 ਦੇ ਕਰੀਬ ਕਿਸਾਨਾਂ ਨੇ ਦੂਜੇ ਦਿਨ ਵੀ ਆਪਣਾ ਸੰਘਰਸ਼ ਜਾਰੀ ਰੱਖਿਆ ਤੇ ਥਾਣਾ ਕੋਤਵਾਲੀ ਸਾਹਮਣੇ ਧਰਨਾ ਦੇ ਕੇ ਆਪਣੇ-ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ ਪਰ ਪੁਲਸ ਵੱਲੋਂ ਗ੍ਰਿਫਤਾਰ ਨਾ ਕਰਨ ਕਾਰਨ ਉਹ ਥਾਣੇ ਅੰਦਰ ਹੀ ਆ ਗਏ ਤੇ ਧਰਨਾ ਲਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਕਾਰਨ ਪੁਲਸ ਨੂੰ ਇਕਦਮ ਹੱਥਾਂ-ਪੈਰਾਂ ਦੀ ਪੈ ਗਈ ਅਤੇ ਮੌਕੇ 'ਤੇ ਪਹੁੰਚ ਕੇ ਉੱਚ ਪੁਲਸ ਅਧਿਕਾਰੀਆਂ ਨੇ ਮਾਮਲੇ ਨੂੰ ਸੁਲਝਾਇਆ। ਇਸ ਸਮੇਂ ਪੁਲਸ ਨੇ 109 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ।
ਪੰਜਾਬ ਕਿਸਾਨ ਸੰਗਠਨ ਨੇ ਪਿਛਲੇ ਦੋ ਦਿਨਾਂ ਤੋਂ ਜੇਲ ਭਰੋ ਅੰਦੋਲਨ ਦਾ ਸੱਦਾ ਦਿੱਤਾ ਹੋਇਆ ਹੈ ਤੇ ਜ਼ਿਲਾ ਪ੍ਰਧਾਨ ਬੋਹੜ ਸਿੰਘ ਰੁਪਈਆਂਵਾਲਾ ਤੇ ਜਸਵਿੰਦਰ ਸਿੰਘ ਰੁਪਈਆਂਵਾਲਾ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਸਾਹਮਣੇ ਗ੍ਰਿਫਤਾਰੀਆਂ ਲਈ ਧਰਨਾ ਦਿੱਤਾ ਹੋਇਆ ਸੀ। ਜਦੋ ਸ਼ਾਮ ਤੱਕ ਕਿਸੇ ਨੇ ਵੀ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਕਿਸਾਨ ਖੁਦ ਹੀ ਗ੍ਰਿਫਤਾਰੀਆਂ ਦੇਣ ਲਈ ਥਾਣੇ ਅੰਦਰ ਆ ਗਏ।
ਇਸ ਸਮੇਂ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਸੰਘਰਸ਼ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਬਦਲੇ 5 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਆਗੂਆਂ ਨੇ ਕਿਹਾ ਕਿ ਸਰਕਾਰ ਗਊ ਸੈਸ ਲੈ ਰਹੀ ਹੈ ਪਰ ਬੇਸਹਾਰਾ ਗਊਆਂ ਅਜੇ ਵੀ ਕਿਸਾਨਾਂ ਲਈ ਪਹਿਲਾਂ ਵਾਂਗ ਦੀ ਸਿਰਦਰਦੀ ਬਣੀਆਂ ਹੋਈਆਂ ਹਨ। ਉਨ੍ਹਾਂ ਚਿਤਵਾਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਕਿਸਾਨ ਆਗੂ ਪ੍ਰੀਤਮ ਸਿੰਘ, ਸੁਰਿੰਦਰ ਸਿੰਘ ਮੌੜ ਅਤੇ ਰਾਜਬੀਰ ਸਿੰਘ ਵੀ ਮੌਜੂਦ ਸਨ।