108 ਐਮਰਜੈਂਸੀ ਸਹਾਇਤਾ ਵੈਨ ਦੇ ਕਾਮਿਆਂ ਨੂੰ ਕੀਤਾ ਜਾਵੇ ਪੱਕਾ : ਸ਼ਾਮ ਸਿੰਘ ਕੋਟ

Thursday, Aug 31, 2017 - 07:34 PM (IST)

108 ਐਮਰਜੈਂਸੀ ਸਹਾਇਤਾ ਵੈਨ ਦੇ ਕਾਮਿਆਂ ਨੂੰ ਕੀਤਾ ਜਾਵੇ ਪੱਕਾ : ਸ਼ਾਮ ਸਿੰਘ ਕੋਟ

ਝਬਾਲ/ ਬੀੜ ਸਾਹਿਬ (ਹਰਬੰਸ ਲਾਲੂਘੁੰਮਣ, ਬਖਤਾਵਰ, ਭਾਟੀਆ)— ਸਮਾਜ ਸੇਵੀ ਆਗੂ, ਮੈਂਬਰ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਤੇ ਪਿੰਡ ਕੋਟ ਸਿਵਿਆਂ ਦੇ ਸਰਪੰਚ ਸ਼ਾਮ ਸਿੰਘ ਕੋਟ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ 108 ਐਮਰਜੈਂਸੀ ਸਹਾਇਤਾ ਵੈਨ ਦੇ ਕਾਮਿਆਂ ਨੂੰ ਪੱਕਿਆਂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਅੰਦਰ 400 ਦੇ ਕਰੀਬ 108 ਐਂਬੂਲੈਂਸ ਵੈਨਾਂ ਹਨ, ਜਿਨ੍ਹਾਂ ਉਪਰ 1600 ਦੇ ਕਰੀਬ ਡਰਾਇਵਰ ਅਤੇ ਸਹਾਇਕ ਕੰਮ ਕਰ ਰਹੇ ਹਨ। 
ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸਰਕਾਰ ਵੱਲੋਂ ਉਕਤ ਕਾਮਿਆਂ ਨੂੰ ਕੱਚੇ ਤੌਰ 'ਤੇ ਠੇਕੇ ਦੇ ਅਧਾਰਤ ਰੱਖਿਆ ਹੋਇਆ ਹੈ, ਜਦ ਕਿ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਉਕਤ ਕਾਮਿਆਂ ਨੂੰ ਸਰਕਾਰ ਵੱਲੋਂ ਪੱਕਿਆਂ ਕਰਦਿਆਂ ਸਰਕਾਰੀ ਕਰਮਚਾਰੀਆਂ ਵਾਂਗ ਮਾਨਤਾ ਦਿੱਤੀ ਜਾਵੇਗੀ। ਸ਼ਾਮ ਸਿੰਘ ਕੋਟ ਨੇ ਕਿਹਾ ਕਿ 108 ਵੈਨਾਂ ਦੇ ਕਾਮੇ 24 ਘੰਟੇ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਡਿਊਟੀ ਦੇ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਨਿਗੁਣੀ 8 ਹਜ਼ਾਰ ਰੁਪਏ ਪ੍ਰਤੀ ਮਹੀਨਾਂ ਤਨਖਾਹ ਦਿੱਤੀ ਜਾ ਰਹੀ ਹੈ, ਜੋ ਇਕ ਦਿਹਾੜੀਦਾਰ ਮਜ਼ਦੂਰ ਤੋਂ ਵੀ ਘੱਟ ਮਿਹਨਤਾਨਾ ਬਣਦਾ ਹੈ। ਇਸ ਮੌਕੇ ਸੋਨੂੰ ਰਾਣੀਵਲਾਹ, ਪ੍ਰਗਟ ਸਿੰਘ ਪੱਗਾ, ਗੁਰਸੇਵਕ ਸਿੰਘ ਕੋਟ, ਨਵਜੀਤ ਸਿੰਘ ਛਾਪਾ, ਗੋਲਡੀ ਝਬਾਲ ਆਦਿ ਹਾਜ਼ਰ ਸਨ।


Related News