ਗੁਰਦਾਸਪੁਰ ’ਚ ਬਾਰਿਸ਼ ਕਾਰਨ 4 ਡਿਗਰੀ ਹੋਰ ਡਿੱਗਿਆ ਪਾਰਾ, ਕਿਸਾਨਾਂ ਦਾ ਵੀ ਹੋ ਰਿਹਾ ਨੁਕਾਸਨ
Friday, Oct 16, 2026 - 04:29 PM (IST)
ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਅੱਜ ਹੋਈ 16 ਮਿਲੀਮੀਟਰ ਬਾਰਿਸ਼ ਨੇ ਮੌਸਮ ਦਾ ਮਿਜ਼ਾਜ ਇਕਦਮ ਬਦਲ ਦਿੱਤਾ ਹੈ। ਦੋ ਦਿਨ ਪਹਿਲਾਂ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ ਵਿਚ ਆਈ ਗਿਰਾਵਟ ਕਾਰਨ ਪਾਰਾ ਚਾਰ ਡਿਗਰੀ ਸੈਂਟੀਗ੍ਰੇਡ ਹੋਰ ਹੇਠਾਂ ਆ ਗਿਆ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਲਗਭਗ 26 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ, ਜਦਕਿ ਰਾਤ ਦਾ ਔਸਤ ਤਾਪਮਾਨ 20 ਡਿਗਰੀ ਦੇ ਕਰੀਬ ਰਿਹਾ। ਬਾਰਿਸ਼ ਕਾਰਨ ਜਿੱਥੇ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਨੁਕਸਾਨੀ ਗਈ ਹੈ, ਉੱਥੇ ਹੀ ਖੁੱਲ੍ਹੇ ਆਸਮਾਨ ਹੇਠਾਂ ਮੰਡੀਆਂ ਵਿੱਚ ਪਈਆਂ ਬੋਰੀਆਂ ਵੀ ਭਿੱਜ ਕੇ ਖ਼ਰਾਬ ਹੋ ਰਹੀਆਂ ਹਨ। ਮੌਸਮ ਵਿਚ ਆਈ ਇਸ ਤਬਦੀਲੀ ਨਾਲ ਲੋਕਾਂ ਨੂੰ ਹੁੰਮਸ ਅਤੇ ਗਰਮੀ ਤੋਂ ਰਾਹਤ ਮਿਲੀ ਹੈ, ਪਰ ਦੂਜੇ ਪਾਸੇ ਝੋਨੇ ਅਤੇ ਬਾਸਮਤੀ ਦੀ ਕਟਾਈ ਵਿਚ ਮੁੜ ਵਿਘਨ ਪੈਣ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ-ਵੱਡੀ ਵਾਰਦਾਤ: ਪਰਵਿੰਦਰ ਝੋਟੇ ਵਾਂਗ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਗਏ ਇਕ ਹੋਰ ਵਿਅਕਤੀ ਦਾ ਕਤਲ
ਬਾਰਿਸ਼ ਕਾਰਨ ਵਾਤਾਵਰਣ ਵਿਚ ਉੱਡ ਰਹੇ ਧੂੜ-ਮਿੱਟੀ ਦੇ ਕਣਾਂ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ ਹਵਾ ਵਿੱਚ ਧੂੜ ਘਟਣ ਨਾਲ ਮੌਸਮ ਪਹਿਲਾਂ ਨਾਲੋਂ ਸਾਫ਼ ਹੋ ਗਿਆ ਹੈ। ਹਾਲਾਂਕਿ, ਖੇਤੀਬਾੜੀ ਦੇ ਨਜ਼ਰੀਏ ਤੋਂ ਇਹ ਮੀਂਹ ਕਿਸਾਨਾਂ ਲਈ ਮੁਸ਼ਕਲਾਂ ਵਧਾਉਣ ਵਾਲਾ ਸਾਬਤ ਹੋ ਰਿਹਾ ਹੈ, ਕਿਉਂਕਿ ਝੋਨੇ ਦੀ ਕਟਾਈ ਦਾ ਸੀਜ਼ਨ ਪਹਿਲਾਂ ਹੀ ਮੌਸਮ ਦੀਆਂ ਤਬਦੀਲੀਆਂ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਖੇਤਾਂ ਵਿਚ ਖੜ੍ਹੀ ਫ਼ਸਲ ਦੀ ਕਟਾਈ ਦਾ ਕੰਮ ਹਾਲੇ ਵੱਡੇ ਪੱਧਰ ’ਤੇ ਬਾਕੀ ਹੈ। ਅੰਦਾਜ਼ੇ ਅਨੁਸਾਰ ਹੁਣ ਤੱਕ ਲਗਭਗ 20 ਫ਼ੀਸਦੀ ਝੋਨੇ ਦੀ ਕਟਾਈ ਹੀ ਮੁਕੰਮਲ ਹੋ ਸਕੀ ਹੈ, ਜਦਕਿ ਕਰੀਬ 80 ਫ਼ੀਸਦੀ ਝੋਨਾ ਅਤੇ ਬਾਸਮਤੀ ਦੀ ਫ਼ਸਲ ਅਜੇ ਖੇਤਾਂ ਵਿੱਚ ਖੜ੍ਹੀ ਹੈ। ਅਜਿਹੇ ਵਿਚ ਵਾਰ-ਵਾਰ ਹੋ ਰਹੀ ਬਾਰਿਸ਼ ਕਾਰਨ ਕਿਸਾਨਾਂ ਨੂੰ ਫ਼ਸਲ ਦੀ ਕਟਾਈ ਸਮੇਂ ਸਿਰ ਮੁਕੰਮਲ ਕਰਨ ਦੀ ਚਿੰਤਾ ਸਤਾ ਰਹੀ ਹੈ।
ਇਹ ਵੀ ਪੜ੍ਹੋ-ਪਰਵਿੰਦਰ ਝੋਟਾ ਦੇ ਕਤਲ ਮਗਰੋਂ ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫੈਸਲਾ, ਜਾਰੀ ਕੀਤੇ ਇਹ ਹੁਕਮ
ਕਿਸਾਨਾਂ ਲਈ ਮੁਸ਼ਕਲ ਸਿਰਫ਼ ਖੜ੍ਹੀ ਫ਼ਸਲ ਦੀ ਕਟਾਈ ਤੱਕ ਸੀਮਤ ਨਹੀਂ ਹੈ। ਜਿਹੜੇ ਖੇਤਾਂ ਵਿੱਚ ਝੋਨੇ ਦੀ ਕਟਾਈ ਹੋ ਚੁੱਕੀ ਹੈ, ਉੱਥੇ ਫ਼ਸਲ ਦੀ ਰਹਿੰਦ-ਖੂੰਹਦ ਇਕੱਠੀ ਕਰਨ ਅਤੇ ਉਸ ਦੀਆਂ ਗੱਠਾਂ ਬਣਾਉਣ ਦਾ ਕੰਮ ਵੀ ਮੀਂਹ ਕਾਰਨ ਰੁਕ ਗਿਆ ਹੈ। ਖੇਤਾਂ ਵਿੱਚ ਨਮੀ ਵਧਣ ਨਾਲ ਮਸ਼ੀਨਰੀ ਦੀ ਵਰਤੋਂ ਅਤੇ ਖੇਤੀਬਾੜੀ ਦੇ ਹੋਰ ਕੰਮਾਂ ਵਿੱਚ ਵੀ ਮੁਸ਼ਕਲ ਆ ਸਕਦੀ ਹੈ। ਇਸ ਕਾਰਨ ਕਟਾਈ ਤੋਂ ਬਾਅਦ ਅਗਲੀ ਫ਼ਸਲ ਦੀ ਬਿਜਾਈ ਲਈ ਖੇਤ ਤਿਆਰ ਕਰਨ ਦਾ ਕੰਮ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਭਾਵੇਂ ਅੱਜ ਦੀ ਬਾਰਿਸ਼ ਕਾਰਨ ਕਿਸੇ ਵੱਡੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਸਾਹਮਣੇ ਨਹੀਂ ਆਈ, ਪਰ ਲਗਾਤਾਰ ਬਦਲ ਰਹੇ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹਿੰਦਾ ਹੈ ਤਾਂ ਕਟਾਈ ਦੇ ਕੰਮ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ, ਪਰ ਮੁੜ ਬਾਰਿਸ਼ ਹੋਣ ਦੀ ਸਥਿਤੀ ਵਿੱਚ ਕਿਸਾਨਾਂ ਨੂੰ ਹੋਰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ-ਅੰਮ੍ਰਿਤਸਰ ਹਵਾਈ ਅੱਡੇ 'ਤੇ 16 ਯਾਤਰੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ, ਮਾਮਲਾ ਜਾਣ ਹੋਵੇਗੀ ਹੈਰਾਨੀ
ਦੂਜੇ ਪਾਸੇ, ਪੰਜਾਬ ਬੰਦ ਦੇ ਸੱਦੇ ਵਾਲੇ ਦਿਨ ਹੋਈ ਬਾਰਿਸ਼ ਨੇ ਆਮ ਜਨਜੀਵਨ ਨੂੰ ਵੀ ਪ੍ਰਭਾਵਿਤ ਕੀਤਾ। ਜ਼ਰੂਰੀ ਕੰਮਾਂ ਲਈ ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਮੀਂਹ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁੱਲ ਮਿਲਾ ਕੇ ਮੌਸਮ ਵਿੱਚ ਆਈ ਤਬਦੀਲੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਿੱਤੀ ਹੈ, ਪਰ ਝੋਨੇ ਦੀ ਕਟਾਈ ਦੇ ਅਹਿਮ ਸੀਜ਼ਨ ਦੌਰਾਨ ਕਿਸਾਨਾਂ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
