ਪੰਜਾਬ ਪੁਲਸ ਨੇ 95 ਮਹਿਲਾ ਅਧਿਕਾਰੀਆਂ ਸਣੇ 101 ਸਬ-ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਣਾਇਆ ਇੰਸਪੈਕਟਰ
Friday, Jul 08, 2022 - 07:36 PM (IST)
 
            
            ਚੰਡੀਗੜ੍ਹ : ਪੰਜਾਬ ਪੁਲਸ ਫੋਰਸ ਦੇ ਮਨੋਬਲ ਨੂੰ ਹੋਰ ਉੱਚਾ ਚੁੱਕਣ ਲਈ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਅੱਜ 101 ਸਬ-ਇੰਸਪੈਕਟਰਾਂ, ਜਿਨ੍ਹਾਂ 'ਚ 95 ਮਹਿਲਾ ਅਧਿਕਾਰੀ ਵੀ ਸ਼ਾਮਲ ਹਨ, ਨੂੰ ਇੰਸਪੈਕਟਰ ਦੇ ਅਹੁਦੇ 'ਤੇ ਤਰੱਕੀ ਦਿੱਤੀ। ਇਨ੍ਹਾਂ 101 ਪੁਲਸ ਮੁਲਾਜ਼ਮਾਂ ਦੀ ਇਸ ਤਰੱਕੀ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੰਸਪੈਕਟਰ ਰੈਂਕ ਦੀਆਂ ਸਾਰੀਆਂ ਅਸਾਮੀਆਂ ਭਰ ਦਿੱਤੀਆਂ ਗਈਆਂ ਹਨ। ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ, “ਅੱਜ ਅਸੀਂ 101 ਸਬ-ਇੰਸਪੈਕਟਰਾਂ ਨੂੰ ਇੰਸਪੈਕਟਰਾਂ ਦੇ ਰੈਂਕ ਤੱਕ ਪਦਉੱਨਤ ਕੀਤਾ ਹੈ, ਜਿਸ ਨਾਲ ਨਾ ਸਿਰਫ ਫੀਲਡ ਵਿੱਚ ਸੁਪਰਵਾਈਜ਼ਰੀ ਪੱਧਰ 'ਤੇ ਸਟਾਫ ਦੀ ਕਮੀ ਦੂਰ ਹੋਵੇਗੀ ਬਲਕਿ ਅਧਿਕਾਰੀਆਂ ਨੂੰ ਵੀ ਉਨ੍ਹਾਂ ਦੀ ਤਰੱਕੀ ਦਾ ਬਣਦਾ ਹੱਕ ਮਿਲੇਗਾ।’’
ਇਹ ਵੀ ਪੜ੍ਹੋ : ਸਮੱਗਲਰਾਂ ਨੂੰ ਛੱਡਣ ਦੇ ਮਾਮਲੇ 'ਚ DSP ਲਖਬੀਰ ਸਿੰਘ 10 ਲੱਖ ਰੁਪਏ ਰਿਸ਼ਵਤ ਸਮੇਤ ਗ੍ਰਿਫ਼ਤਾਰ
ਡੀ.ਜੀ.ਪੀ. ਨੇ ਇੱਥੇ ਪਦਉੱਨਤ ਹੋਏ ਕੁਝ ਅਧਿਕਾਰੀਆਂ ਦੇ ਮੋਢਿਆਂ 'ਤੇ ਸੰਕੇਤਕ ਤੌਰ 'ਤੇ ਸਟਾਰ ਲਗਾਉਂਦਿਆਂ ਸਾਰੇ ਪਦਉੱਨਤ ਅਧਿਕਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਅਧਿਕਾਰੀਆਂ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਤੁਹਾਡੇ ਮੋਢਿਆਂ 'ਤੇ ਲੱਗੇ ਨਵੇਂ ਸਟਾਰ ਨਾਲ ਜ਼ਿੰਮੇਵਾਰੀ ਵੀ ਵਧੀ ਹੈ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ ਪਦਉੱਨਤ ਹੋਈਆਂ ਸਾਰੀਆਂ 95 ਮਹਿਲਾ ਅਧਿਕਾਰੀ 2015 ਬੈਚ ਰਾਹੀਂ ਸਿੱਧੀਆਂ ਸਬ-ਇੰਸਪੈਕਟਰ ਭਰਤੀ ਹੋਈਆਂ ਹਨ ਅਤੇ ਉਨ੍ਹਾਂ ਕੋਲ 7 ਸਾਲ ਦਾ ਫੀਲਡ ਤਜਰਬਾ ਹੈ, ਜਦਕਿ ਬਾਕੀ 6 ਸਬ-ਇੰਸਪੈਕਟਰ, ਜੋ ਹੁਣ ਇੰਸਪੈਕਟਰ ਬਣ ਗਏ ਹਨ, ਆਪਣੀ ਪਦਉੱਨਤੀ ਦੀ ਉਡੀਕ ਕਰ ਰਹੇ ਸਨ।
ਇਹ ਵੀ ਪੜ੍ਹੋ : ਕਾਊਂਟਰ ਇੰਟੈਲੀਜੈਂਸ ਦਾ ਆਪ੍ਰੇਸ਼ਨ, ਅੰਤਰਰਾਜੀ ਸਮੱਗਲਰ 20 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ
ਸਮੇਂ ਸਿਰ ਪਦਉੱਨਤੀ ਨੂੰ ਹਰੇਕ ਪੁਲਸ ਕਰਮਚਾਰੀ ਦਾ ਅਧਿਕਾਰ ਦੱਸਦਿਆਂ ਡੀ.ਜੀ.ਪੀ. ਨੇ ਸਮੂਹ ਪੁਲਸ ਬਲ ਨੂੰ ਜਲਦ ਹੀ ਉਨ੍ਹਾਂ ਦੀਆਂ ਬਣਦੀਆਂ ਤਰੱਕੀਆਂ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਹੈੱਡ ਕਾਂਸਟੇਬਲ, ਸਹਾਇਕ ਸਬ-ਇੰਸਪੈਕਟਰ ਅਤੇ ਸਬ-ਇੰਸਪੈਕਟਰ ਸਮੇਤ ਸੁਪਰਵਾਈਜ਼ਰੀ ਪੱਧਰ 'ਤੇ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਕਦਮ ਮਹਿਲਾ ਸਸ਼ਕਤੀਕਰਨ ਵੱਲ ਪੰਜਾਬ ਸਰਕਾਰ ਦਾ ਇਕ ਹੋਰ ਉਪਰਾਲਾ ਹੈ ਕਿਉਂਕਿ ਇਸ ਬੈਚ ਦੀ ਤਰੱਕੀ ਨਾਲ ਪੁਲਸ ਬਲ ਵਿੱਚ ਸੁਪਰਵਾਈਜ਼ਰੀ ਪੱਧਰ 'ਤੇ ਮਹਿਲਾਵਾਂ ਦੀ ਪ੍ਰਤੀਨਿਧਤਾ ਹੋਰ ਵਧੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            