ਮਿਡਲ ਈਸਟ ਦੇਸ਼ਾਂ ''ਚ ਫਸੀਆਂ 100 ਔਰਤਾਂ, ਪੰਜਾਬ ਦੀ ''ਰਾਣੀ'' ਵੀ ਹੋਈ ਸ਼ੇਖਾਂ ਦੀ ਗੁਲਾਮ

Tuesday, Nov 13, 2018 - 01:18 PM (IST)

ਮਿਡਲ ਈਸਟ ਦੇਸ਼ਾਂ ''ਚ ਫਸੀਆਂ 100 ਔਰਤਾਂ, ਪੰਜਾਬ ਦੀ ''ਰਾਣੀ'' ਵੀ ਹੋਈ ਸ਼ੇਖਾਂ ਦੀ ਗੁਲਾਮ

ਪਟਿਆਲਾ— ਮਿਡਲ ਈਸਟ ਦੇਸ਼ਾਂ 'ਚ ਪੰਜਾਬੀ ਔਰਤਾਂ ਨੂੰ ਵੇਚਣ ਦੇ ਕਥਿਤ ਦੋਸ਼ਾਂ ਤਹਿਤ ਜਿੱਥੇ ਇਕ ਪਾਸੇ ਫਰਜ਼ੀ ਟਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸ ਰਿਹਾ ਹੈ, ਉੱਥੇ ਹੀ ਇਸ ਵਿਚਕਾਰ ਇਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਦੁਬਈ 'ਚ ਇਕ ਭਾਰਤੀ ਐੱਨ. ਜੀ. ਓ. ਨੇ ਦਾਅਵਾ ਕੀਤਾ ਹੈ ਕਿ 100 ਔਰਤਾਂ ਨੇ ਹਾਲ ਹੀ 'ਚ ਮਸਕਟ 'ਚ ਭਾਰਤੀ ਦੂਤਘਰ ਪਹੁੰਚ ਕੇ ਘਰ ਵਾਪਸੀ ਲਈ ਮਦਦ ਮੰਗੀ ਹੈ। ਇਨ੍ਹਾਂ 'ਚ ਜ਼ਿਆਦਾਤਰ ਔਰਤਾਂ ਪੰਜਾਬ ਨਾਲ ਸੰਬੰਧਤ ਹਨ, ਜਿਨ੍ਹਾਂ 'ਚੋਂ ਕੁਝ ਦਾ ਸੰਬੰਧ ਹੁਸ਼ਿਆਰਪੁਰ, ਲੁਧਿਆਣਾ, ਤਰਨਤਾਰਨ ਅਤੇ ਗੁਰਦਾਸਪੁਰ ਨਾਲ ਹੈ। ਸਰਬਤ ਦਾ ਭਲਾ ਐੱਨ. ਜੀ. ਓ. ਦੇ ਚੇਅਰਮੈਨ ਐੱਸ. ਪੀ. ਐੱਸ. ਓਬਰਾਏ ਨੇ ਕਿਹਾ ਕਿ ਮਸਕਟ ਵਿਖੇ ਭਾਰਤੀ ਦੂਤਘਰ ਨਾਲ ਘੱਟੋ-ਘੱਟ 70 ਔਰਤਾਂ ਲਗਾਤਾਰ ਸੰਪਰਕ 'ਚ ਹਨ ਅਤੇ 30 ਦੇ ਕਰੀਬ ਔਰਤਾਂ ਜੋ ਕਿ ਵੱਖ-ਵੱਖ ਖੇਤਰਾਂ 'ਚ ਸ਼ੇਖਾਂ ਦੀ ਗੁਲਾਮੀ 'ਚ ਕੰਮ ਕਰ ਰਹੀਆਂ ਹਨ, ਨੇ ਵੀ ਘਰ ਵਾਪਸ ਆਉਣ ਲਈ ਮਦਦ ਮੰਗੀ ਹੈ।

ਓਬਰਾਏ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ 'ਚ ਸ਼ੇਖਾਂ ਦੀ ਗੁਲਾਮੀ 'ਚੋਂ ਚਾਰ ਔਰਤਾਂ ਨੂੰ ਛੁਡਾ ਕੇ ਦੇਸ਼ ਲਿਆਂਦਾ ਹੈ, ਜਿਸ 'ਚ ਇਕ ਔਰਤ ਲੁਧਿਆਣਾ ਦੀ ਹੈ ਅਤੇ ਜਲਦ ਹੀ ਹੁਸ਼ਿਆਪੁਰ ਦੀ ਵੀ ਇਕ ਔਰਤ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੇਈਮਾਨ ਟਰੈਵਲ ਏਜੰਟਾਂ ਵੱਲੋਂ ਔਰਤਾਂ ਨੂੰ ਨੌਕਰੀ ਦੇ ਲਾਲਚ 'ਚ ਫਸਾ ਕੇ ਮਿਡਲ ਈਸਟ ਦੇਸ਼ਾਂ 'ਚ ਭੇਜ ਦਿੱਤਾ ਜਾਂਦਾ ਹੈ, ਜਿੱਥੇ ਅੱਗਿਓਂ ਇਨ੍ਹਾਂ ਨੂੰ ਸ਼ੇਖਾਂ ਨੂੰ ਵੇਚ ਕੇ 18 ਘੰਟਿਆਂ ਤੋਂ ਵਧ ਕੰਮ ਕਰਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਨਿਯਮ ਸਖਤ ਹਨ ਅਤੇ ਨੌਕਰੀ ਬਦਲਣ ਲਈ ਨੌਕਰੀਦਾਤਾ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਕਈ ਔਰਤਾਂ ਜੋ ਨੌਕਰੀਦਾਤਾ ਕੋਲੋਂ ਬਚ ਕੇ ਭੱਜੀਆਂ ਸਨ ਨੂੰ ਮੁਕੱਦਮੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਲਈ ਜੋ ਲੋਕ ਗਲਤ ਤਰੀਕੇ ਨਾਲ ਇੱਥੇ ਆ ਜਾਂਦੇ ਹਨ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਸ਼ੇਖਾਂ ਦੇ ਤਸ਼ਦੱਦ ਸਹਿਣੇ ਪੈਂਦੇ ਹਨ। ਓਬਰਾਏ ਨੇ ਕਿਹਾ ਕਿ ਜਿਨ੍ਹਾਂ ਚਾਰ ਔਰਤਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ, ਉਨ੍ਹਾਂ ਦੀ ਰਿਹਾਈ ਵੀ ਬੜੀ ਮੁਸ਼ਕਿਲ ਨਾਲ ਹੋਈ ਕਿਉਂਕਿ ਇਨ੍ਹਾਂ ਦੇ ਮਾਲਕਾਂ ਨੇ ਸ਼ਰਤ ਰੱਖੀ ਕਿ ਉਨ੍ਹਾਂ ਨੇ ਜੋ ਪੈਸਾ ਇਨ੍ਹਾਂ ਔਰਤਾਂ 'ਤੇ ਖਰਚ ਕੀਤਾ ਹੈ ਪਹਿਲਾਂ ਉਸ ਦੀ ਭਰਪਾਈ ਕਰਨੀ ਹੋਵੇਗੀ। ਜ਼ਿਕਰਯੋਗ ਹੈ ਕਿ ਓਬਰਾਏ ਦੇ ਐੱਨ. ਜੀ. ਓ. ਨੇ ਕਈ ਭਾਰਤੀਆਂ ਨੂੰ ਬਾਹਰਲੇ ਮੁਲਕਾਂ ਤੋਂ ਛੁਡਾ ਕੇ ਵਤਨ ਵਾਪਸੀ ਕਰਾਈ ਹੈ, ਹੁਣ ਉਨ੍ਹਾਂ ਵੱਲੋਂ ਇਨ੍ਹਾਂ ਔਰਤਾਂ ਨੂੰ ਘਰ ਵਾਪਸ ਲਿਆਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।


Related News