ਕੇਂਦਰ ਸਰਕਾਰ ਵਲੋਂ ਏਅਰਪੋਰਟ ਨੂੰ ਖੂਬਸੂਰਤ ਬਣਾਉਣ ਲਈ 100 ਕਰੋਡ਼ ਦਾ ਤੋਹਫਾ

Thursday, Feb 21, 2019 - 08:06 AM (IST)

ਕੇਂਦਰ ਸਰਕਾਰ ਵਲੋਂ ਏਅਰਪੋਰਟ ਨੂੰ ਖੂਬਸੂਰਤ ਬਣਾਉਣ ਲਈ 100 ਕਰੋਡ਼ ਦਾ ਤੋਹਫਾ

ਅੰਮ੍ਰਿਤਸਰ, (ਵਡ਼ੈਚ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਦੇ ਉਦਮਾਂ ਨਾਲ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਦਿੱਲੀ ਤੋਂ ਬਾਅਦ ਤੇਜ਼ੀ ਨਾਲ ਖੁਸ਼ਹਾਲੀ ਦੇ ਰਸਤੇ ’ਤੇ ਚੱਲਣ ਅਤੇ ਹਵਾਈ ਜਹਾਜ਼ ’ਚ ਸਫਰ ਕਰਨ ਵਾਲੀਆਂ ਸਵਾਰੀਅਾਂ ਤੇ ਏਅਰਪੋਰਟ ’ਤੇ ਆਉਣ-ਜਾਣ ਵਾਲੇ ਲੋਕਾਂ ਲਈ ਪਿਛਲੇ 2 ਸਾਲਾਂ ਤੋਂ ਖੁਸ਼ੀਆਂ ਦੀ ਭਰਮਾਰ ਆਈ ਹੈ। ਕੇਂਦਰ ਸਰਕਾਰ ਵਲੋਂ ਏਅਰਪੋਰਟ ਨੂੰ ਖੂਬਸੂਰਤ ਬਣਾਉਣ ਲਈ 100 ਕਰੋਡ਼ ਦਾ ਇਕ ਹੋਰ ਤੋਹਫਾ ਦਿੱਤਾ ਜਾ ਰਿਹਾ ਹੈ, ਜਿਸ ਦਾ ਉਦਘਾਟਨ 22 ਫਰਵਰੀ ਨੂੰ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਨਗੇ। ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਭਾਜਪਾ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਹੇ।
ਉਨ੍ਹਾਂ ਕਿਹਾ ਕਿ ਸਾਲ 2010 ਵਿਚ ਦਿੱਲੀ ਦੀ ਕਾਂਗਰਸ ਸਰਕਾਰ ਨੇ ਪ੍ਰਾਈਵੇਟ ਕੰਪਨੀ ਨੂੰ ਲਾਭ ਪਹੁੰਚਾਉਣ ਦੀ ਨੀਅਤ ਨਾਲ ਅੰਮ੍ਰਿਤਸਰ ਏਅਰਪੋਰਟ ਨੂੰ ਨਿੱਜੀ ਹੱਥਾਂ ਵਿਚ ਦੇ ਦਿੱਤਾ ਸੀ। ਉਸ ਦੌਰਾਨ ਸੋਚੀ-ਸਮਝੀ ਸਾਜ਼ਿਸ਼ ਤਹਿਤ ਇਕ-ਦੂਸਰੇ ਦੀਆਂ ਜੇਬਾਂ ਭਰੀਅਾਂ ਗਈਅਾਂ। ਮਲਿਕ ਨੇ ਕਿਹਾ ਕਿ ਮੇੇਰੇ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਐੱਮ. ਪੀ. ਦੀ ਚੋਣ ਜਿੱਤ ਕੇ ਏਅਰਪੋਰਟ ਦੀ ਤਰੱਕੀ ਲਈ ਕੁਝ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ ਐੱਮ. ਪੀ. ਦੀ ਚੋਣ ਜਿੱਤੇ ਪਰ ਅੰਮ੍ਰਿਤਸਰ ’ਚ ਨਜ਼ਰ ਹੀ ਨਹੀਂ ਆਏ। ਉਨ੍ਹਾਂ ਕਿਹਾ ਕਿ ਕਾਂਗਰਸ ਸਮੇਂ ਬਰਬਾਦੀ ਵੱਲ ਜਾਣ ਵਾਲੇ ਏਅਰਪੋਰਟ ਨੂੰ ਭਾਜਪਾ  ਸਰਕਾਰ ਨੇ ਖੂਬਸੂਰਤ ਬਣਾਇਅਾ ਹੈ।

ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਦੇ ਸਹਿਯੋਗ ਨਾਲ ਪਿਛਲੇ 2 ਸਾਲਾਂ ’ਚ ਏਅਰਪੋਰਟ ਦੀ ਨੁਹਾਰ ਬਦਲੀ ਜਾ ਰਹੀ ਹੈ, ਹੁਣ ਅੰਮ੍ਰਿਤਸਰ ਦਾ ਏਅਰਪੋਰਟ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਨੁਹਾਰ ਬਦਲਣ ਵਾਲਾ ਏਅਰਪੋਰਟ ਬਣ ਕੇ ਉੱਭਰ ਕੇ ਸਾਹਮਣੇ ਆਇਆ ਹੈ। ਏਅਰਪੋਰਟ ’ਤੇ 14 ਐਪਰਨ ਦੀ ਜਗ੍ਹਾ 10 ਹੋਰ ਐਪਰਨ ਬਣਾਏ ਜਾ ਰਹੇ ਹਨ, ਜਿਸ ਨਾਲ ਇਕੋ ਸਮੇਂ 24 ਜਹਾਜ਼ ਖਡ਼੍ਹੇ ਹੋ ਸਕਦੇ ਹਨ।
ਮਲਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਾਸ਼ੀਰਵਾਦ ਸਦਕਾ ਅੰਮ੍ਰਿਤਸਰ ਏਅਰਪੋਰਟ ਆਉਣ ਵਾਲੇ ਸਾਲਾਂ ਵਿਚ ਇਕ ਖੂਬਸੂਰਤ ਏਅਰਪੋਰਟ ਬਣ ਕੇ ਦੁਨੀਆ ਦੇ ਸਾਹਮਣੇ ਨਜ਼ਰ ਆਵੇਗਾ। ਇਥੇ ਸਵਾਰੀਆਂ ਦੀ ਉਡੀਕ ਲਈ ਖੂਬਸੂਰਤ ਲਾਂਜ ਬਣ ਰਹੇ ਹਨ। ਦੀਵਾਰਾਂ ਨੂੰ ਇੰਡੀਅਨ ਆਰਟ ਨਾਲ ਖੂਬਸੂਰਤ ਬਣਾਇਆ ਜਾ ਰਿਹਾ ਹੈ। ਵਿਦੇਸ਼ੀ ਫਲਾਈਟ ਲੈਂਡ ਕਰਨ ਲਈ 70 ਕਰੋਡ਼ ਦੀ ਲਾਗਤ ਨਾਲ ਰਨਵੇ ਬਣਾਇਆ ਜਾ ਰਿਹਾ ਹੈ, ਜਿਥੇ ਵੱਡੇ ਤੋਂ ਵੱਡਾ ਜਹਾਜ਼ ਵੀ ਲੈਂਡ ਕਰ ਸਕਦਾ ਹੈ। ਏਅਰਪੋਰਟ ’ਤੇ ਅਜਿਹਾ ਸਿਸਟਮ ਬਣਾਇਆ ਜਾ ਰਿਹਾ ਹੈ, ਜਿਸ ਨਾਲ ਇਕ ਫਲਾਈਟ ਉੱਤਰ ਕੇ ਦੂਸਰੇ ਟ੍ਰੈਕ ’ਤੇ ਚਲੀ ਜਾਵੇਗੀ ਤੇ ਉਸ ਟ੍ਰੈਕ ’ਤੇ ਦੂਸਰੀ ਫਲਾਈਟ ਤੁਰੰਤ ਆ ਜਾਵੇਗੀ।
ਇਸ ਮੌਕੇ ਭਾਜਪਾ ਜ਼ਿਲਾ ਪ੍ਰਧਾਨ ਆਨੰਦ ਸ਼ਰਮਾ, ਰਜਿੰਦਰਮੋਹਨ ਸਿੰਘ ਛੀਨਾ, ਰਾਕੇਸ਼ ਗਿੱਲ, ਹਰਿੰਦਰ ਸਿੰਘ ਸੰਧੂ, ਬਖਸ਼ੀ ਰਾਮ ਅਰੋਡ਼ਾ ਤੇ ਜਨਾਰਦਨ ਸ਼ਰਮਾ ਵੀ ਹਾਜ਼ਰ ਸਨ।
 


author

Bharat Thapa

Content Editor

Related News