ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ

Saturday, May 13, 2023 - 10:08 PM (IST)

ਜਲੰਧਰ ਜ਼ਿਮਨੀ ਚੋਣ ’ਚ ਜਾਣੋ ‘ਆਮ ਆਦਮੀ ਪਾਰਟੀ’ ਦੀ ਜਿੱਤ ਦੇ 10 ਵੱਡੇ ਕਾਰਨ

ਜਲੰਧਰ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਧਮਾਕੇਦਾਰ ਜਿੱਤ ਹਾਸਲ ਕੀਤੀ। ਰਿੰਕੂ ਨੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58691 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਕਾਂਗਰਸ ਦੇ ਗੜ੍ਹ ਜਲੰਧਰ ਲੋਕ ਸਭਾ ਸੀਟ ’ਤੇ ‘ਆਪ’ ਦਾ ਕਬਜ਼ਾ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ (302279 ਵੋਟਾਂ) ਨੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ (243450 ਵੋਟਾਂ) ਨੂੰ ਜ਼ਬਰਦਸਤ ਮੁਕਾਬਲੇ ’ਚ 58691 ਵੋਟਾਂ ਨਾਲ ਹਰਾਇਆ। ਇਸ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਡਾ. ਸੁਖਵਿੰਦਰ ਸਿੰਘ ਸੁੱਖੀ (158445 ਵੋਟਾਂ) ਹਾਸਲ ਕਰਕੇ ਤੀਜੇ ਨੰਬਰ ’ਤੇ ਰਹੇ, ਜਦਕਿ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ 134800 ਵੋਟਾਂ ਪ੍ਰਾਪਤ ਕੀਤੀਆਂ ਤੇ ਚੌਥੇ ਨੰਬਰ ’ਤੇ ਰਹੇ। ਭਾਜਪਾ ਉਮੀਦਵਾਰ ਅਟਵਾਲ ਦੀ ਜ਼ਮਾਨਤ ਜ਼ਬਤ ਹੋ ਗਈ।  ਆਓ, ਜਲੰਧਰ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੀ ਇਸ ਜਿੱਤ ਦੇ 10 ਵੱਡੇ ਕਾਰਨਾਂ ’ਤੇ ਇਕ ਨਜ਼ਰ ਮਾਰਦੇ ਹਾਂ :

ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਵਿਧਾਨ ਸਭਾ ਹਲਕਾ ਮੁਤਾਬਕ ਜਾਣੋ ਕਿਸ ਪਾਰਟੀ ਨੂੰ ਪਈਆਂ ਕਿੰਨੀਆਂ ਵੋਟਾਂ

1. ਮੁਫ਼ਤ ਬਿਜਲੀ : ‘ਆਪ’ ਨੇ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ 600 ਯੂਨਿਟ ਫ੍ਰੀ ਦਿੱਤੇ ਜਾਣਗੇ, ਜੋ ਕਿ ‘ਆਪ’ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਇਹ ਵਾਅਦਾ ਪੂਰਾ ਕਰਨ ਨਾਲ ਪੰਜਾਬੀਆਂ ਦਾ ਬਿਜਲੀ ਦੇ ਬਿੱਲ ਜ਼ੀਰੋ ਆਉਣੇ ਸ਼ੁਰੂ ਹੋ ਗਏ ਹਨ। ਇਸ ਨੂੰ ਜਿੱਤ ਦਾ ਵੱਡਾ ਕਾਰਨ ਕਿਹਾ ਜਾ ਸਕਦਾ ਹੈ। ਇਹ ਵਾਅਦਾ ਪੂਰਾ ਕਰਕੇ ‘ਆਪ’ ਨੇ ਪੰਜਾਬੀਆਂ ਦਾ ਭਰੋਸਾ ਜਿੱਤ ਲਿਆ ਹੈ। 

2. ਭ੍ਰਿਸ਼ਟਾਚਾਰ ’ਤੇ ਤਿੱਖਾ ਵਾਰ : ਜਿਸ ਤਰ੍ਹਾਂ ਕਿ ਚੋਣਾਂ ਤੋਂ ਪਹਿਲਾਂ ਹੀ ‘ਆਪ’ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ‘ਆਪ’ ਦੀ ਸਰਕਾਰ ਬਣਨ ’ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ। ਉਸੇ ’ਤੇ ਚੱਲਦਿਆਂ ਹੀ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਵਿੱਢਦਿਆਂ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ, ਜਿਸ ’ਤੇ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸ਼ਿਕਾਇਤ ਕੀਤੀ ਜਾ ਸਕਦੀ ਹੈ। ‘ਆਪ’ ਨੇ ਇਸ ਮੁਹਿੰਮ ਤਹਿਤ ਭ੍ਰਿਸ਼ਟਾਚਾਰ ’ਚ ਸ਼ਾਮਲ ਵਿਰੋਧੀ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ-ਨਾਲ ਆਪਣੇ ਕੈਬਨਿਟ ਮੰਤਰੀ ਡਾ. ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰ ਦਿੱਤਾ ਸੀ। ‘ਆਪ’ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਚੁੱਕੇ ਗਏ ਕਦਮਾਂ ਕਾਰਨ ਹੁਣ ਆਮ ਲੋਕਾਂ ਦੇ ਕੰਮ ਬਿਨਾਂ ਰਿਸ਼ਵਤ ਤੋਂ ਹੋਣ ਲੱਗ ਪਏ ਹਨ, ਜਿਸ ਦਾ ਅਸਰ ਵੀ ਇਸ ਜ਼ਿਮਨੀ ਚੋਣ ’ਚ ਸਾਫ਼ ਨਜ਼ਰ ਆਇਆ।

ਇਹ ਖ਼ਬਰ ਵੀ ਪੜ੍ਹੋ : ਮੰਤਰੀ ਕੁਲਦੀਪ ਧਾਲੀਵਾਲ ਦੇ ਦਾਅਵੇ ’ਤੇ ਲੱਗੀ ਮੋਹਰ, ਆਦਮਪੁਰ ’ਚ ਵੀ ਫਿਰਿਆ ਝਾੜੂ

3. 29000 ਤੋਂ ਵੱਧ ਨੌਕਰੀਆਂ : ‘ਆਪ’ ਨੇ ਆਪਣਾ ਇਕ ਹੋਰ ਵਾਅਦਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਪੂਰਾ ਕੀਤਾ। ‘ਆਪ’ ਸਰਕਾਰ ਨੇ ਆਪਣੇ ਤਕਰੀਬਨ ਇਕ ਸਾਲ ਦੇ ਕਾਰਜਕਾਲ ਦੌਰਾਨ ਹੁਣ ਤਕ 29000 ਤੋਂ ਵੱਧ ਲੋਕਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ। ਇਸ ਤਰ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਵੀ ਜਿੱਤ ਦਾ ਵੱਡਾ ਕਾਰਨ ਮੰਨਿਆ ਜਾ ਸਕਦਾ ਹੈ।  

4. 580 ਤੋਂ ਵੱਧ ਮੁਹੱਲਾ ਕਲੀਨਿਕ : ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੀ ਗਾਰੰਟੀ ਪੂਰੀ ਕਰਦਿਆਂ ‘ਆਪ’ ਸਰਕਾਰ ਵੱਲੋਂ 580 ਤੋਂ ਵੱਧ ਮੁਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ। ਲੋਕ ਬਿਨਾਂ ਮੋਟੀਆਂ ਰਕਮਾਂ ਖਰਚ ਕੀਤੇ ਇਨ੍ਹਾਂ ਮੁਹੱਲਾ ਕਲੀਨਿਕਾਂ ਤੋਂ ਲਾਭ ਲੈ ਰਹੇ ਹਨ। ਇਹ ਵੀ ‘ਆਪ’ ਦੀ ਜਿੱਤ ਦਾ ਅਹਿਮ ਫੈਕਟਰ ਮੰਨਿਆ ਜਾ ਸਕਦਾ ਹੈ। 

5. 9 ਟੋਲ ਪਲਾਜ਼ਾ ਬੰਦ ਕਰਨਾ : ‘ਆਪ’ ਲੋਕਾਂ ਨੂੰ ਲੰਬੇ ਸਫ਼ਰ ਦੌਰਾਨ ਮੋਟੇ ਟੋਲ ਟੈਕਸ ਤੋਂ ਨਿਜਾਤ ਦਿਵਾਉਂਦਿਆਂ ਪੰਜਾਬ ਦੇ 9 ਟੋਲ ਪਲਾਜ਼ਾ ਬੰਦ ਕੀਤੇ, ਜਿਸ ਨਾਲ ਲੋਕਾਂ ਦੀ ਹੁੰਦੀ ਮੋਟੀ ਲੁੱਟ ਤੋਂ ਬਚਾਅ ਹੋ ਗਿਆ।

6. ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖ਼ੁਦ ਚੋਣ ਮੁਹਿੰਮ ਦੀ ਕਮਾਨ ਸੰਭਾਲਣਾ : ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੀ ਚੋਣ ਮੁਹਿੰਮ ਖੁ਼ਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਭਾਲਣਾ ਵੀ ਜਿੱਤ ਦਾ ਵੱਡਾ ਕਾਰਨ ਰਿਹਾ। ਉਂਝ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਰੋਡਸ਼ੋਅਜ਼ ’ਚ ਹਿੱਸਾ ਲਿਆ ਪਰ ਮੁੱਖ ਮੰਤਰੀ ਮਾਨ ਵੱਲੋਂ ਬਹੁਤ ਹੀ ਜ਼ਮੀਨੀ ਪੱਧਰ ’ਤੇ ਇਸ ਜ਼ਿਮਨੀ ਚੋਣ ’ਚ ਅਹਿਮ ਭੂਮਿਕਾ ਨਿਭਾਈ ਗਈ। ਉਨ੍ਹਾਂ ਵੱਲੋਂ ਕੀਤੀਆਂ ਗਈਆਂ ਵਿਸ਼ਾਲ ਰੈਲੀਆਂ ਨੇ ‘ਆਪ’ ਦੀ ਜਿੱਤ ’ਤੇ ਮੋਹਰ ਲਾਈ।

7 . ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਬਣਾਉਣਾ : ਕਿਤੇ ਨਾ ਕਿਤੇ ਸੁਸ਼ੀਲ ਕੁਮਾਰ ਰਿੰਕੂ ਨੂੰ ‘ਆਪ’ ਵੱਲੋਂ ਉਮੀਦਵਾਰ ਬਣਾਉਣਾ ਵੀ ਪਾਰਟੀ ਦੀ ਜਿੱਤ ’ਚ ਅਹਿਮ ਭੂਮਿਕਾ ਅਦਾ ਕਰ ਗਿਆ। ਸੁਸ਼ੀਲ ਰਿੰਕੂ ਨੂੰ ਕਾਂਗਰਸ ਦੀਆਂ ਕਮਜ਼ੋਰੀਆਂ ਦਾ ਪਤਾ ਹੋਣਾ ਤੇ ਉਨ੍ਹਾਂ ਦੇ ਵੱਡੀ ਗਿਣਤੀ  ਸਮਰਥਕਾਂ ਦਾ ਹੱਕ ’ਚ ਭੁਗਤਣਾ ਵੀ ਜਿੱਤ ਦਾ ਵੱਡਾ ਕਾਰਨ ਰਿਹਾ। ਸੁਸ਼ੀਲ ਰਿੰਕੂ ਦਾ ਆਪਣੇ ਹਲਕੇ ’ਚ ਜ਼ੋਰ-ਸ਼ੋਰ ਨਾਲ ਵਿਚਰਨਾ ਵੀ ਜਿੱਤ ਦਾ ਅਹਿਮ ਫੈਕਟਰ ਮੰਨਿਆ ਜਾ ਸਕਦਾ ਹੈ। 

8.ਬਿਨਾਂ ਗੋਲ਼ੀ ਚਲਾਏ ਅੰਮ੍ਰਿਤਪਾਲ ਮਾਮਲੇ ਦਾ ਹੱਲ : ਅੰਮ੍ਰਿਤਪਾਲ ਸਿੰਘ ਦੇ ਮਾਮਲੇ ਨੂੰ ਸ਼ਾਂਤਮਈ ਤੇ ਸਾਵਧਾਨੀਪੂਰਵਕ ਹੱਲ ਕਰਨ ’ਤੇ ‘ਆਪ’ ਨੂੰ ਜਲੰਧਰ ਜ਼ਿਮਨੀ ਚੋਣ ’ਚ ਫ਼ਾਇਦਾ ਮਿਲਿਆ। ਬਿਨਾਂ ਕੋਈ ਗੋਲ਼ੀ ਚਲਾਏ ਸਬਰ ਤੇ ਧੀਰਜ ਨਾਲ ਮੁੱਖ ਮੰਤਰੀ ਮਾਨ ਨੇ ਇਸ ਮਸਲੇ ਨੂੰ ਹੱਲ ਕੀਤਾ। ਵੋਟਰਾਂ ਨੇ ‘ਆਪ’ ਉਮੀਦਵਾਰ ਨੂੰ ਇਸ ਮਸਲੇ ’ਤੇ ਸੁਪਰੋਟ ਕੀਤਾ।

9. ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਿਆ : ‘ਆਪ’ ਸਰਕਾਰ ਨੇ ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਫ਼ੌਜੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਿਆ ਦੇਣ ਦਾ ਬਹੁਤ ਵੱਡਾ ਫ਼ੈਸਲਾ ਲਿਆ, ਜਿਸ ਨਾਲ ਕਿ ਸ਼ਹੀਦ ਪਰਿਵਾਰ ਦੀ ਕੁਝ ਮਦਦ ਕੀਤੀ ਜਾ ਸਕੇ।         

10. ਚੰਗੀ ਕਾਨੂੰਨ ਵਿਵਸਥਾ : ‘ਆਪ’ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਅਹਿਮ ਕਦਮ ਚੁੱਕਦਿਆਂ ਕਈ ਗੈਂਗਸਟਰਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ। ਇਸ ਦਾ ਅਸਰ ਵੀ ਕਿਤੇ ਨਾ ਕਿਤੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ ਨਜ਼ਰ ਆਇਆ ਤੇ ਲੋਕ ਚੰਗੀ ਕਾਨੂੰਨ ਵਿਵਸਥਾ ਮੁਹੱਈਆ ਕਰਵਾਉਣ ਵਾਲੀ ‘ਆਪ’ ਦੇ ਉਮੀਦਵਾਰ ਦੇ ਹੱਕ ’ਚ ਭੁਗਤੇ। 


author

Manoj

Content Editor

Related News