ਪਾਵਰਕਾਮ ਦੀ ਵੱਡੀ ਕਾਰਵਾਈ : ਓਵਰਲੋਡ ਤੇ ਗਲਤ ਵਰਤੋਂ ਕਰਨ ਵਾਲਿਆਂ ਨੂੰ ਕੀਤਾ ‘10 ਲੱਖ ਜੁਰਮਾਨਾ’

Tuesday, Dec 26, 2023 - 03:42 PM (IST)

ਜਲੰਧਰ (ਪੁਨੀਤ) : ਪਾਵਰਕਾਮ ਵੱਲੋਂ ਬਿਜਲੀ ਚੋਰਾਂ ਖ਼ਿਲਾਫ਼ ਮੁਹਿੰਮ ਚਲਾਉਂਦੇ ਹੋਏ ਜਲੰਧਰ ਸਰਕਲ ਦੀਆਂ ਪੰਜਾਂ ਡਵੀਜ਼ਨਾਂ ’ਚ ਕੁੱਲ 1096 ਕੁਨੈਕਸ਼ਨਾਂ ਦੀ ਚੈਕਿੰਗ ਕਰਵਾਉਂਦੇ ਹੋਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਬਣਦੀ ਕਾਰਵਾਈ ਕੀਤੀ ਗਈ ਹੈ। ਸਵੇਰੇ ਤੜਕਸਾਰ ਹੋਈ ਇਸ ਕਾਰਵਾਈ ਅਧੀਨ ਸਿੱਧੀ ਕੁੰਡੀ ਨਾਲ ਬਿਜਲੀ ਚਲਾਉਣ ਦੇ 7 ਕੇਸਾਂ ਸਮੇਤ ਕੁੱਲ 70 ਕੇਸ ਫੜੇ ਗਏ, ਜਿਨ੍ਹਾਂ ਨੂੰ ਵਿਭਾਗ ਵੱਲੋਂ 10.14 ਲੱਖ ਜੁਰਮਾਨਾ ਕੀਤਾ ਗਿਆ ਹੈ। ਸਰਕਾਰ ਵੱਲੋਂ ਮੁਫ਼ਤ ਬਿਜਲੀ ਦੇਣ ਦੇ ਬਾਵਜੂਦ ਬਿਜਲੀ ਚੋਰੀ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਸਰਕਲ ਪੱਧਰ ’ਤੇ ਚੈਕਿੰਗ ਮੁਹਿੰਮ ਚਲਾਈ ਗਈ। ਮੁਹਿੰਮ ਅਧੀਨ ਹਰੇਕ ਡਵੀਜ਼ਨ ’ਚ 5-5 ਟੀਮਾਂ ਦਾ ਗਠਨ ਕੀਤਾ ਗਿਆ ਅਤੇ ਸਭ ਨੂੰ ਇਕੋ ਸਮੇਂ ’ਤੇ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਤਾਂ ਕਿ ਬਿਜਲੀ ਚੋਰਾਂ ਕੋਲੋਂ ਬਚਣ ਦਾ ਸਮਾਂ ਨਾ ਰਹੇ। ਇਸ ਪੂਰੀ ਕਾਰਵਾਈ ’ਚ ਵਿਭਾਗ ਵੱਲੋਂ ਬਿਜਲੀ ਐਕਟ 2003 ਦੇ ਸੈਕਸ਼ਨ 135 ਅਧੀਨ ਐਂਟੀ ਪਾਵਰ ਥੈਫਟ ਥਾਣੇ ’ਚ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਸਰਕਲ ਹੈੱਡ ਅਤੇ ਸੁਪਰਿੰਟੈਂਡੈਂਟ ਇੰਜੀ. ਸੁਰਿੰਦਰਪਾਲ ਸੋਂਧੀ ਨੇ ਦੱਸਿਆ ਕਿ ਸੈਂਕਸ਼ਨ ਲੋਡ ਤੋਂ ਵੱਧ (ਓਵਰਲੋਡ) ਬਿਜਲੀ ਚਲਾਉਣ ’ਤੇ ਯੂ. ਈ. ਦੇ 53 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਧ 20 ਕੇਸ ਕੈਂਟ (ਬੜਿੰਗ ਡਵੀਜ਼ਨ) ਅਧੀਨ ਫੜੇ ਗਏ। ਦੂਜੇ ਪਾਸੇ ਵੈਸਟ ਡਵੀਜ਼ਨ ਵੱਲੋਂ ਓਵਰਲੋਡ ਦੇ 15 ਕੇਸ ਫੜੇ ਗਏ, ਜਦੋਂ ਕਿ ਮਾਡਲ ਟਾਊਨ ਵੱਲੋਂ ਓਵਰਲੋਡ ਦੇ ਸਬੰਧ ’ਚ 9 ਕੇਸ ਫੜੇ ਗਏ। ਈਸਟ ਡਵੀਜ਼ਨ (ਪਠਾਨਕੋਟ ਚੌਕ) ਦੇ ਐਕਸੀਅਨ ਜਸਪਾਲ ਸਿੰਘ ਦੀ ਅਗਵਾਈ ’ਚ ਸਭ ਤੋਂ ਵੱਧ 328 ਖ਼ਪਤਕਾਰਾਂ ਦੇ ਮੀਟਰਾਂ ਦੀ ਚੈਕਿੰਗ ਹੋਈ।

ਇਹ ਵੀ ਪੜ੍ਹੋ : ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ’ਤੇ ਮੰਤਰੀ ਦੇ ਜਵਾਬ ਤੋਂ ਨਹੀਂ ਸੰਤੁਸ਼ਟ ਅਰੋੜਾ

ਇਸ ’ਚ ਵਿਭਾਗ ਵੱਲੋਂ 1.27 ਲੱਖ ਜੁਰਮਾਨਾ ਕੀਤਾ ਗਿਆ। ਫਗਵਾੜਾ ਡਵੀਜ਼ਨ ਦੇ ਐਕਸੀਅਨ ਹਰਦੀਪ ਕੁਮਾਰ ਵੱਲੋਂ 135 ਕੇਸਾਂ ਦੀ ਜਾਂਚ ਕਰਦੇ ਹੋਏ 16 ਕੇਸ ਫੜੇ ਜਾਣ ਦੀ ਰਿਪੋਰਟ ਕੀਤੀ ਗਈ ਹੈ। ਇਸ ਡਵੀਜ਼ਨ ਦਾ ਕੰਮ ਐਵਰੇਜ ਰਿਹਾ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਸਭ ਤੋਂ ਵਧੀਆ ਨਤੀਜਾ ਕੈਂਟ ਡਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ ਦੀ ਅਗਵਾਈ ’ਚ ਪ੍ਰਾਪਤ ਹੋਇਆ। ਬੜਿੰਗ ਅਧੀਨ ਵੱਖ-ਵੱਖ ਇਲਾਕਿਆਂ ’ਚ 234 ਮੀਟਰਾਂ ਦੀ ਚੈਕਿੰਗ ’ਚ 21 ਕੇਸਾਂ ’ਚ 6.33 ਲੱਖ ਰੁਪਏ ਜੁਰਮਾਨਾ ਕੀਤਾ ਗਿਆ।

PunjabKesari

ਮਾਡਲ ਟਾਊਨ ਡਵੀਜ਼ਨ ਦੇ ਐਕਸੀਅਨ ਜਸਵਿੰਦਰਪਾਲ ਸਿੰਘ ਦੀ ਅਗਵਾਈ ’ਚ 191 ਮੀਟਰਾਂ ਦੀ ਚੈਕਿੰਗ ਕਰਵਾਉਂਦੇ ਹੋਏ ਓਵਰਲੋਡ ਦੇ 9 ਕੇਸ ਫੜੇ ਗਏ। ਸੈਂਕਸ਼ਨ ਲੋਡ ਤੋਂ ਵੱਧ ਲੋਡ ਚਲਾਉਣ ਦੇ ਕੇਸ ਫੜੇ ਜਾਣ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਖ਼ਪਤਕਾਰਾਂ ਨੂੰ ਆਪਣੀ ਲੋੜ ਦੇ ਹਿਸਾਬ ਨਾਲ ਲੋਡ ਵਧਵਾ ਲੈਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪਵੇਗੀ ਅਤੇ ਜੁਰਮਾਨਾ ਵੀ ਪਵੇਗਾ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀ ਸਹੂਲਤ ਲਈ ਹਰੇਕ ਸਬ-ਡਵੀਜ਼ਨ ’ਚ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਲੋਡ ਵਧਵਾਉਣ ਲਈ ਆਉਣ ਵਾਲਿਆਂ ਨੂੰ ਪਹਿਲ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਕੰਮ ਤੁਰੰਤ ਪ੍ਰਭਾਵ ਨਾਲ ਨਿਪਟਾਇਆ ਜਾਵੇ।

ਇਹ ਵੀ ਪੜ੍ਹੋ : ਰੁੱਖਾਂ ਦੀ ਘਾਟ ਕਾਰਨ ਲਿਆ ਵੱਡਾ ਫੈਸਲਾ, ਹੁਣ ਇਸ ਤਰ੍ਹਾਂ ਹੋਵੇਗਾ ਅੰਤਿਮ ਸੰਸਕਾਰ

ਖ਼ਰਾਬ ਪਏ 23 ਮੀਟਰ ਲਾਹੇ, ਲੈਬ ’ਚ ਜਾਂਚ ਲਈ ਭੇਜੇ
ਦੂਜੇ ਪਾਸੇ ਇਸ ਛਾਪੇਮਾਰੀ ਦੌਰਾਨ ਜਿਹੜੇ ਖ਼ਪਤਕਾਰਾਂ ਦੇ ਮੀਟਰ ਖ਼ਰਾਬ ਪਾਏ ਗਏ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਹ ਲਿਆ ਗਿਆ ਅਤੇ ਜਾਂਚ ਲਈ ਐੱਮ. ਈ. ਲੈਬ ’ਚ ਭਿਜਵਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਵੀ ਕੇਸ ਸਾਹਮਣੇ ਆ ਰਹੇ ਹਨ, ਜਿਨ੍ਹਾਂ ’ਚ ਖ਼ਪਤਕਾਰਾਂ ਵੱਲੋਂ ਮੀਟਰ ਖ਼ਰਾਬ ਹੋਣ ਬਾਰੇ ਸੂਚਿਤ ਨਹੀਂ ਕੀਤਾ ਜਾਂਦਾ।

PunjabKesari

ਅਜਿਹੇ ਲੋਕ ਲੋੜ ਤੋਂ ਵੱਧ ਬਿਜਲੀ ਦੀ ਵਰਤੋਂ ਕਰਦੇ ਹਨ, ਜਿਸ ਨਾਲ ਵਿਭਾਗ ਨੂੰ ਨੁਕਸਾਨ ਹੁੰਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸੂਚਨਾ ਨਾ ਦੇਣ ਵਾਲਿਆਂ ’ਤੇ ਵੀ ਬਣਦੀ ਕਾਰਵਾਈ ਹੋਵੇਗੀ, ਇਸ ਲਈ ਜੇਕਰ ਕਿਸੇ ਦਾ ਮੀਟਰ ਖ਼ਰਾਬ ਹੁੰਦਾ ਹੈ ਤਾਂ ਉਹ ਤੁਰੰਤ ਸੂਚਿਤ ਕਰੇ।

ਇਹ ਵੀ ਪੜ੍ਹੋ : ਹੱਕਾਂ ’ਤੇ ਡਾਕਾ ਵੱਜਣ ’ਤੇ ਅਕਾਲੀ ਦਲ ਹਮੇਸ਼ਾ ਸਿੱਖਾਂ ਦੀ ਆਵਾਜ਼ ਬਣਿਐ : ਸਰਨਾ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Anuradha

Content Editor

Related News